ਭਾਈ ਸੁਰਜੀਤ ਸਿੰਘ ਜੀ ਪਟਿਆਲਾ (ਟਰੱਕਾਂ ਵਾਲੇ) ਦੀ ਸੰਖੇਪ ਜੀਵਨੀ
- ਭਾਈ ਅਮਰੀਕ ਸਿੰਘ ਜੀ ਅੰਬਾਲਾ
ਨਾਮ ਬਾਣੀ ਰੰਗਾਂ ਵਿੱਚ ਲਿਵਲੀਨ, ਨਿਮਰਤਾ ਦੀ ਮੂਰਤ, ਸੁਘੜ ਸੁਜਾਨ, ਪਰਮ ਬੈਰਾਗੀ, ਗੁਰਮੁਖ ਜਿਉੜੇ ਭਾਈ ਸਾਹਿਬ ਸੁਰਜੀਤ ਸਿੰਘ ਜੀ ਦਾ ਜਨਮ ਮਿਤੀ 13 ਫਰਵਰੀ 1933 ਨੂੰ ਪਿੰਡ ਖੇਲ ਕਲਾਂ ਪਾਕਿਸਤਾਨ ਵਿੱਚ ਪਿਤਾ ਸਰਦਾਰ ਮਹਿਤਾਬ ਸਿੰਘ ਅਤੇ ਮਾਤਾ ਸ੍ਰੀਮਤੀ ਤੁਲਸੀ ਦੇਵੀ ਜੀ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਆਮ ਸਿੱਖ ਸ਼ਰਧਾਲੂ ਸਨ। ਆਪ ਜੀ ਨੇ ਮੁਢਲੀ ਵਿਦਿਆ ਪੰਜਵੀਂ ਤਾਈਂ ਪਾਕਿਸਤਾਨ ਰਹਿੰਦੇ ਸਮੇਂ ਹੀ ਪ੍ਰਾਪਤ ਕੀਤੀ, ਉਰਦੂ ਪੜ੍ਹ ਲਿਖ ਲੈਂਦੇ ਸੀ। ਫਿਰ ਆਪ ਨੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਕੋਲੋਂ ਗੁਰਮੁਖੀ ਪੰਜਾਬੀ ਪੜ੍ਹਨੀ ਸਿੱਖੀ ਪਰ ਲਿਖਣੀ ਨਹੀਂ ਸੀ ਆਉਂਦੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਪ ਲੜੀਵਾਰ ਸਰੂਪ ਤੋਂ ਗੁਰਬਾਣੀ ਦਾ ਪਾਠ ਕਰ ਲੈਂਦੇ ਸਨ ਤੇ ਸਮਾਗਮਾਂ ਤੇ ਅਖੰਡ ਪਾਠ ਦੀ ਸੇਵਾ ਕਰਦੇ ਰਹੇ ਹਨ।
ਆਪ ਜੀ ਦਾ ਅਨੰਦ ਕਾਰਜ ਸਨ 1954 ਵਿੱਚ ਸਹਾਰਨਪੁਰ ਵਾਸੀ ਸਰਦਾਰ ਅਵਤਾਰ ਸਿੰਘ ਤੇ ਮਾਤਾ ਰਾਜ ਕੌਰ ਦੀ ਸਪੁੱਤਰੀ ਬੀਬੀ ਜੋਗਿੰਦਰ ਕੌਰ ਨਾਲ ਹੋਇਆ। ਇਹ ਪਰਿਵਾਰ ਵੀ ਪਾਕਿਸਤਾਨ ਸਥਿਤ ਪੰਜ ਗਰਾਈਂ ਪਿੰਡ ਤੋਂ ਉਜੜ ਕੇ ਆਇਆ ਹੋਇਆ ਸੀ। ਆਪ ਜੀ ਦੇ ਘਰ ਛੇ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ। ਆਪ ਜੀ ਨੇ ਦੇਸ਼ ਦੀ ਵੰਡ ਤੋਂ ਬਾਅਦ ਪਟਿਆਲੇ ਆ ਕੇ ਟਰੱਕਾਂ ਦੀ ਟ੍ਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਜਥੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਸੰਗਤਾਂ ਨੂੰ ਲੋਕਲ ਅਤੇ ਕੇਂਦਰੀ ਅਤੇ ਪਿੰਡਾਂ ਵਿੱਚ ਰੈਣ ਸੁਬਾਈ ਕੀਰਤਨ ਸਮਾਗਮਾਂ ਤੇ ਟਰੱਕਾਂ ਰਾਹੀਂ ਲਿਜਾਣ ਆਉਣ ਦੀ ਫ੍ਰੀ ਸੇਵਾ ਕਰਦੇ ਰਹੇ ਜਿਸ ਕਾਰਨ ਆਪ ਪਟਿਆਲੇ ਦੀ ਸੰਗਤ ਵਿੱਚ ਟਰੱਕਾਂ ਵਾਲੇ ਕਰਕੇ ਮਸ਼ਹੂਰ ਸਨ।
ਆਪ ਜੀ ਪਹਿਲਾਂ ਨਿਰਮਲੇ ਜਥੇ ਪਾਸੋਂ ਦੀਕਸ਼ਿਤ ਹੋਏ ਸਨ। ਉਹਨਾਂ ਵੱਲੋਂ ਦੱਸੀ ਮਰਿਆਦਾ ਮੁਤਾਬਿਕ ਦੋ ਸਾਲ ਦੇ ਕਰੀਬ ਪੂਰੀ ਮਿਹਨਤ ਕੀਤੀ, ਅੰਮ੍ਰਿਤ ਵੇਲੇ ਇੱਕ ਵਜੇ ਉੱਠ ਕੇ ਕਾਫੀ ਲੰਮਾ ਨਿਤਨੇਮ ਕਰਦੇ ਰਹੇ, ਇਸ ਕਰੜੀ ਘਾਲਣਾ ਦੇ ਬਾਵਜੂਦ ਵੀ ਤਸੱਲੀ ਨਹੀਂ ਹੋਈ ਤੇ ਨਾ ਹੀ ਤੱਤ ਵਸਤੂ ਪ੍ਰਾਪਤ ਹੋਈ। ਪਰ ਫਿਰ ਵੀ ਨਿਰਾਸ਼ ਨਹੀਂ ਹੋਏ, ਭਾਲ ਜਾਰੀ ਰੱਖੀ। ਕਿਸੇ ਗੁਰਮੁਖ ਪਿਆਰੇ ਨੇ ਇੱਕ ਦਿਨ ਆਪ ਨੂੰ ਆਖਿਆ ਕਿ ਜੋ ਅਵਸਥਾ ਭਾਲਦਾ ਹੈਂ ਉਹ ਅਖੰਡ ਕੀਰਤਨੀ ਜਥੇ ਵਿੱਚ ਜਾ ਕੇ ਮਿਲ ਸਕਦੀ ਹੈ।
ਸਨ 1966-67 ਵਿੱਚ ਆਪ ਜੀ ਜਥੇ ਦੇ ਕਿਸੇ ਸਮਾਗਮ ਤੇ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਪੰਜਾਂ ਦੇ ਪੇਸ਼ ਹੋ ਗਏ। ਉਹਨਾਂ ਦਿਨਾਂ ਵਿੱਚ ਅੰਮ੍ਰਿਤ ਅਭਿਲਾਖੀਆਂ ਦੀ ਕਰੜੀ ਪ੍ਰੀਖਿਆ ਲਈ ਜਾਂਦੀ ਸੀ। ਨਿਤਨੇਮ ਕੰਠ ਹੋਣ ਅਤੇ ਅੰਮ੍ਰਿਤ ਵੇਲੇ ਦੀ ਸੰਭਾਲ ਦੀ ਪਰਪੱਕਤਾ ਦੇ ਬਾਵਜੂਦ ਵੀ ਪੰਜਾਂ ਨੇ ਆਪ ਜੀ ਨੂੰ ਹੋਰ ਪਰਪੱਕ ਹੋਣ ਦੀ ਤਾਕੀਦ ਕਰਕੇ ਅਗਲੇ ਸਮਾਗਮ ਤੇ ਪੇਸ਼ ਹੋਣ ਦੇ ਹੁਕਮ ਕਰ ਦਿੱਤਾ। ਬਾਹਰ ਆ ਕੇ ਇਹਨਾਂ ਨੂੰ ਬਹੁਤ ਬੇਚੈਨੀ ਹੋਈ ਤੇ ਬੈਰਾਗਮਈ ਦਸ਼ਾ ਵਿੱਚ ਬੈਠ ਗਏ। ਭਾਈ ਹਰਭਜਨ ਸਿੰਘ ਜੀ ਬਸੀ ਪਠਾਣਾਂ ਵਾਲਿਆਂ, ਜੋ ਸਾਰੀ ਰਾਤ ਇੱਕ ਚੌਂਕੜੇ ਵਿੱਚ ਕੀਰਤਨ ਦੌਰਾਨ ਲਿਵਲੀਨ ਹੋਏ ਬੈਠੇ ਰਹਿੰਦੇ ਸਨ, ਉਹਨਾਂ ਨੂੰ ਆਪ ਜੀ ਤੇ ਤਰਸ ਆਇਆ ਤੇ ਖੁਦ ਪੰਜਾਂ ਦੇ ਪੇਸ਼ ਹੋ ਕੇ ਬੇਨਤੀ ਕੀਤੀ ਕਿ ਇੱਕ ਜਗਿਆਸੂ ਬਾਹਰ ਬੈਠਾ ਅੰਮ੍ਰਿਤ ਛਕਣ ਲਈ ਬੇਬਲ ਹੋ ਕੇ ਵਿਰਲਾਪ ਕਰ ਰਿਹਾ ਹੈ, ਉਸਨੂੰ ਅੱਜ ਹੀ ਅੰਮ੍ਰਿਤ ਦੀ ਦਾਤ ਬਖਸ਼ਣ ਦੀ ਕ੍ਰਿਪਾਲਤਾ ਕਰੋ। ਉਹਨਾਂ ਦੀ ਬੇਨਤੀ ਮੰਨ ਕੇ ਪੰਜਾਂ ਨੇ ਆਪ ਜੀ ਨੂੰ ਅੰਦਰ ਸੱਦ ਕੇ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ।
ਕਿਉਂਕਿ ਖੇਤ ਤਾਂ ਪਹਿਲੇ ਹੀ ਵੱਤਰ ਆਇਆ ਹੋਇਆ ਸੀ ਕੇਵਲ ਬੀਜ ਬੀਜਣ ਦੀ ਹੀ ਕਸਰ ਸੀ। ਥੋੜੇ ਸਮੇਂ ਵਿੱਚ ਹੀ ਆਪ ਉੱਚ ਉਡਾਰੀਆਂ ਵਾਲੀ ਅਵਸਥਾ ਵਿੱਚ ਪਹੁੰਚ ਕੇ ਅਗੰਮੀ ਖੇਡਾਂ ਖੇਡਣ ਲੱਗ ਪਏ। ਆਪ ਜੀ ਦੀ ਇਸ ਉੱਚ ਆਤਮਿਕ ਅਵਸਥਾ ਤੇ ਰਹਿਣੀ ਬਹਿਣੀ ਦੇਖ ਕੇ ਆਪ ਜੀ ਨੂੰ ਅਗਲੇ ਸਮਾਗਮ ਵਿੱਚ ਹੀ ਪੰਜਾਂ ਦੀ ਸੇਵਾ ਦੇ ਯੋਗ ਸਮਝ ਕੇ ਸੇਵਾ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਤੋਂ ਬਾਅਦ ਆਪ ਜੀ ਨੇ ਪੰਜਾਂ ਦੀ ਸੇਵਾ ਤਾ-ਜ਼ਿੰਦਗੀ ਨਿਭਾਹੀ ਅਤੇ ਬੇਅੰਤ ਸੰਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਅੰਮ੍ਰਿਤ ਛਕਣ ਤੋਂ ਬਾਅਦ ਕੁਝ ਮਹੀਨੇ ਬਾਅਦ ਆਪ ਜੀ ਇੱਕ ਰੈਣ ਸੁਬਾਈ ਕੀਰਤਨ ਸਮਾਗਮ ਵਿੱਚ ਅੱਧੀ ਰਾਤ ਵੇਲੇ ਲਾਂਗਰੀ ਨਾਲ ਬੈਠੇ ਜਲੇਬੀਆਂ ਤਿਆਰ ਕਰਨ ਵਿੱਚ ਮਦਦ ਕਰ ਰਹੇ ਸਨ। ਕੁਝ ਥਕਾਵਟ ਮਹਿਸੂਸ ਹੋਈ ਤਾਂ ਸੋਚਿਆ ਕਿ ਕੁਝ ਮਿੰਟ ਲਈ ਕੋਲ ਪਏ ਮੰਜੇ ਤੇ ਲੰਬਾ ਪੈ ਜਾਵਾਂ। ਮੰਜੇ ਤੇ ਲੇਟਣ ਦੀ ਹਾਲਤ ਵਿੱਚ ਪਿੱਠ ਅਜੇ ਮੰਜੇ ਨੂੰ ਲਗਾਉਣ ਹੀ ਲੱਗੇ ਸਨ ਕਿ ਕਿਸੇ ਗੁਪਤ ਰੂਹ ਨੇ ਕੋਈ ਦੈਵੀ ਅਗੰਮੀ ਚਾਬੀ ਨਾਭੀ ਤੇ ਲਗਾ ਕੇ ਘੁਮਾ ਦਿੱਤੀ ਕਿ ਆਪ ਜੀ ਬੇਹੋਸ਼ ਹੋ ਗਏ। ਜਦੋਂ ਸਾਵਧਾਨ ਹੋਏ ਤਾਂ ਦੇਖਿਆ ਕਿ ਜ਼ੋਰਦਾਰ ਸਿਮਰਨ ਆਪ ਮੁਹਾਰੇ ਚੱਲ ਰਿਹਾ ਸੀ ਤੇ ਚਾਰੇ ਪਾਸੇ ਗੁਰਮੁਖ ਪਿਆਰੇ ਖੜੇ ਸਨ। ਉੱਦੋਂ ਤੋਂ ਆਪ ਜੀ ਦੇ ਦੱਸਣ ਮੁਤਾਬਿਕ ਇਹ ਖੇਡ ਵਰਤ ਚੁੱਕੀ ਸੀ: "ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹੈ ਤਾ ਮਨੁ ਖੀਵਾ ਭਾਈ" (ਅੰਗ 1123)।
ਆਪ ਜੀ ਨੂੰ ਸੁਖੋਪਤੀ ਅਵਸਥਾ ਵਿੱਚ ਗੁਰਬਾਣੀ ਕੀਰਤਨ ਗਗਨੰਤਰੋਂ ਸੁਣਾਈ ਦਿੰਦਾ ਸੀ। ਕਦੇ-ਕਦੇ ਰੰਗਾਂ ਵਿੱਚ ਆ ਕੇ ਆਪ ਦੱਸ ਵੀ ਦਿੰਦੇ ਸਨ ਕਿ ਕਿਹੜਾ ਸ਼ਬਦ ਚੱਲ ਰਿਹਾ ਹੈ। ਇਸੇ ਤਰ੍ਹਾਂ ਇੱਕ ਵਾਰ ਉਹਨਾਂ ਨੂੰ ਇੱਕ ਸ਼ਬਦ ਦੇ ਕੀਰਤਨ ਦੀ ਅਨਹਦ ਧੁਨੀ ਸੁਣ ਰਹੀ ਸੀ। ਜਦੋਂ ਅੰਮ੍ਰਿਤ ਵੇਲੇ ਇੱਕ ਵਜੇ ਉੱਠਣ ਲਈ ਸਾਵਧਾਨ ਹੋਏ, ਆਪ ਜੀ ਜੀਵਨ ਪਰਿਅੰਤ ਹਰ ਰੋਜ਼ ਬਿਨਾਂ ਨਾਗਾ ਰਾਤ ਇੱਕ ਵਜੇ ਉੱਠਦੇ ਸਨ। ਜਦੋਂ ਜੰਗਲ ਪਾਣੀ ਜਾਣ ਲਈ ਡੋਲੂ ਨੂੰ ਹੱਥ ਪਾਇਆ ਤਾਂ ਉਸੇ ਸ਼ਬਦ ਦੀ ਧੁਨੀ ਫਿਰ ਕੰਨੀ ਪਈ। ਦਾਸ ਨੂੰ ਤਾਂ ਉਹ ਸ਼ਬਦ ਦੱਸਿਆ ਵੀ ਸੀ ਮੈਂ ਭੁੱਲ ਗਿਆ। ਵਿਸਮਾਦ ਹੋਏ ਬੈਰਾਗੀਅੜੀ ਦਸ਼ਾ ਵਿੱਚ ਚੀਕ ਨਿਕਲ ਗਈ, ਡਿੱਗ ਕੇ ਬੇਹੋਸ਼ ਹੋ ਗਏ। ਹੋਸ਼ ਆਉਣ ਤੇ ਦੇਖਿਆ ਤਾਂ ਘਰ ਵਾਲੇ ਤਲੀਆਂ ਝੱਸ ਰਹੇ ਸਨ।
ਆਪ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਲਈ ਇੱਕ ਵਜੇ ਸੁਚੇਤ ਹੋ ਕੇ ਪਹਿਲਾਂ ਸੁਕੇਸ਼ ਇਸ਼ਨਾਨ ਕਰਦੇ ਸਨ। ਫਿਰ ਇਸ਼ਨਾਨ ਕਰਦਿਆਂ ਮੂਲ ਮੰਤਰ ਦਾ ਜਾਪ ਕਰਦੇ ਰਹਿੰਦੇ ਅਤੇ ਸੋਚ ਇਸ਼ਨਾਨ ਦੀ ਕਿਰਿਆ ਤੋਂ ਬਾਅਦ ਆਸਣ ਤੇ ਬੈਠ ਕੇ ਗੁਰਮੰਤਰ ਦਾ ਜਾਪ ਕਾਫੀ ਲੰਮੇ ਸਮੇਂ ਲਈ ਕਰਦੇ ਰਹਿੰਦੇ ਸੀ। ਦਾਸ ਕੋਲ ਵੀ ਕਈ ਵਾਰ ਰਾਤ ਰੁਕੇ ਤੇ ਉਹ ਦਾਸ ਨੇ ਅਕਸਰ ਇਹ ਅਨੰਦ ਮਾਣਿਆ, ਉਹਨਾਂ ਦਾ ਇਹ ਦਰਸ਼ਨ ਕਰਕੇ ਸਾਰਾ ਨਿਤਨੇਮ ਕਰਦਿਆਂ ਦਾ। ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਕੇ ਸੀਸ ਉੱਪਰ ਵੱਡੀ ਦਸਤਾਰ ਸਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੇ ਤੇ ਹੁਕਮਨਾਮਾ ਸੁਣ ਕੇ ਘਰ ਵਾਪਸ ਆ ਕੇ ਹੀ ਨਾਸ਼ਤਾ ਕਰਦੇ। ਇਸ ਰੁਜ਼ਾਨਚੇ ਵਿੱਚ ਕੋਈ ਢਿੱਲ ਨਹੀਂ ਆਉਣ ਦਿੰਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਣ ਸਮੇਂ ਵੱਡੀ ਦਸਤਾਰ ਸਜਾਉਣ ਦੇ ਪੱਕੇ ਮੁਦਈ ਸਨ। ਉਹਨਾਂ ਦਾ ਕਹਿਣਾ ਸੀ ਕਿ ਜਿਵੇਂ ਅਸੀਂ ਕਿਸੇ ਵੱਡੇ ਅਫਸਰ ਕੋਲ ਜਾਣ ਵੇਲੇ ਪੂਰੇ ਤਿਆਰ ਹੋ ਕੇ ਵੱਡੀ ਦਸਤਾਰ ਸਜਾਉਂਦੇ ਹਾਂ ਤਾਂ ਫਿਰ ਅਸੀਂ ਸਗਲ ਬ੍ਰਹਮੰਡਾਂ ਦੇ ਸੱਚੇ ਅਫਸਰ ਕੋਲ ਜਾਣ ਸਮੇਂ ਕਿਉਂ ਇਸ ਤਰ੍ਹਾਂ ਨਹੀਂ ਕਰਦੇ। ਹਮੇਸ਼ਾਂ ਸਾਦੇ ਗੁਰਮੁਖ ਪਹਿਰਾਵੇ ਵਿੱਚ ਹੀ ਵਿਚਰਦੇ ਸਨ ਤੇ ਦਸਤਾਰ ਵੀ ਸਾਦਗੀ ਨਾਲ ਬਿਨਾਂ ਸ਼ੀਸ਼ਾ ਦੇਖੇ ਹੀ ਸਜਾਉਂਦੇ ਸਨ। ਉਹ ਬਿਬੇਕ ਰਹਿਤ ਦੇ ਪੱਕੇ ਧਾਰਨੀ ਸਨ, ਕੇਵਲ ਅੰਮ੍ਰਿਤਧਾਰੀ ਤਿਆਰ-ਬਰ-ਤਿਆਰ ਸਿੰਘ ਹੱਥੋਂ ਸਜਾਇਆ ਪ੍ਰਸ਼ਾਦਾ ਹੀ ਛਕਦੇ ਸਨ ਤੇ ਦੁੱਧ ਵੀ ਅੰਮ੍ਰਿਤਧਾਰੀ ਸਿੰਘ ਹੱਥੋਂ ਚੋਇਆ ਹੀ ਵਰਤਦੇ ਸਨ। "ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥" (ਅੰਗ 790) ਦੇ ਗੁਰਵਾਕ ਤੇ ਪੱਕਾ ਪਹਿਰਾ ਦਿੰਦੇ ਸਨ।
ਆਪ ਜੀ ਸਾਦਾ ਭੋਜਨ ਬਿਨਾਂ ਕਿਸੇ ਨੋਕ ਝੋਕ ਜਾਂ ਨਖਰੇ ਦੇ ਛਕ ਲਿਆ ਕਰਦੇ ਸਨ। ਇਵੇਂ ਹੀ ਬਸਤਰਾਂ ਬਾਰੇ ਵੀ ਆਪ ਇਹ ਗੁਰਵਾਕ ਉਚਾਰਦੇ ਸਨ "ਛਾਦਨ ਭੋਜਨ ਕੀ ਆਸ ਨ ਕਰੀ ॥ ਅਚਿੰਤ ਮਿਲੈ ਸੋ ਪਾਈ ॥"। ਪ੍ਰਸ਼ਾਦਾ ਛਕਣ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਜ਼ਰੂਰ ਕਰਿਆ ਕਰਦੇ ਸਨ, ਭਾਵੇਂ ਆਪਣੇ ਘਰ ਹੀ ਪ੍ਰਸ਼ਾਦਾ ਛਕਿਆ ਹੋਵੇ। ਜਦੋਂ ਵੀ ਕੋਈ ਗੱਲਬਾਤ ਕਰਦੇ ਤਾਂ ਸੰਬੰਧਿਤ ਗੁਰਬਾਣੀ ਦੇ ਪ੍ਰਮਾਣ ਜ਼ਰੂਰ ਦਿੰਦੇ ਸਨ। ਉਹਨਾਂ ਨਾਲ ਬਚਨ ਬਿਲਾਸ ਕਰਦਿਆਂ ਕੀਰਤਨੀਆਂ ਵਾਸਤੇ ਤਾਂ ਇਹ ਬਖਸ਼ਿਸ਼ ਸੀ ਕਿ ਕੀਰਤਨ ਵਾਸਤੇ ਪ੍ਰਕਰਣ ਬਣਾਉਣ ਲਈ ਬਹੁਤ ਸਾਰੇ ਸ਼ਬਦ ਮਿਲ ਜਾਂਦੇ ਸਨ। ਸੰਗਤ ਵਿੱਚ ਬੈਠਿਆਂ ਉਹਨਾਂ ਦਾ ਖਿੜਿਆ ਚਿਹਰਾ ਅਕਸਰ ਦਰਸਾਉਂਦਾ ਸੀ ਜਿਵੇਂ ਕੋਈ ਚਾਤ੍ਰਿਕ ਗਗਨੰਤਰੋਂ ਸਵੰਤੀ ਬੂੰਦਾਂ ਦੀ ਹੋਰ ਹੀ ਮਿੱਠੀ-ਮਿੱਠੀ ਅੰਮ੍ਰਿਤ ਧਾਰਾ ਨੂੰ ਰਸਕ-ਰਸਕ ਪੀਂਦਿਆਂ ਅਲਮਸਤ ਮਤਵਾਰਾ ਹੋ ਰਿਹਾ ਹੋਵੇ।
ਅੰਮ੍ਰਿਤ ਵੇਲੇ ਸਿਮਰਨ ਅਭਿਆਸ ਵਿੱਚ ਵੀ ਇੱਕ ਟਿੱਕ ਸਹਿਜ ਸਮਾਧ ਜੁੜਿਆਂ ਦਗ-ਦਗ ਕਰਦਾ ਬੈਰਾਗੀਅੜਾ ਚਿਹਰਾ ਸੱਜਲ ਨੇਤਰ ਹੰਝੂਆਂ ਦੇ ਹੜ੍ਹ ਨਾਲ ਭਰਿਆ ਦਾੜਾ, ਦਸਮ ਦੁਆਰ ਉਘਾੜ ਦਾ ਪ੍ਰਤੱਖ ਪ੍ਰਤੀਕ ਅਨੁਭਵ ਹੁੰਦਾ ਸੀ। ਅੱਜ ਤੋਂ ਕਰੀਬ ਤਿੰਨ ਚਾਰ ਦਹਾਕੇ ਪਿੱਛੇ ਝਾਤ ਮਾਰੀਏ ਤਾਂ ਅਖੰਡ ਕੀਰਤਨ ਸਮਾਗਮਾਂ ਵਿੱਚ ਅਕਸਰ ਕੁਝ ਅਜਿਹੀਆਂ ਪੁੱਗ ਖਲੋਤੀਆਂ ਰੂਹਾਂ ਉੱਤੇ ਦੈਵੀ ਕਲਾ ਪ੍ਰਤੱਖ ਵਰਤਦੀ ਸੀ ਜੋ ਹੁਣ ਸਹਿਜੇ ਸਹਿਜੇ ਘਟਦਿਆਂ ਘਟਦਿਆਂ ਗਾਇਬ ਹੋ ਰਹੀ ਭਾਸਦੀ ਹੈ। ਮਠਿਆਈ ਚੱਖਦਿਆਂ ਗੁੰਗਿਆਂ ਦੀ ਦੈਵੀ ਮੁਸਕੁਰਾਹਟ ਨੂੰ ਪੇਖਣ ਹਾਰੇ ਵੀ ਵਿਸਮਾਦ ਹੋ ਜਾਂਦੇ ਸਨ। ਅੰਮ੍ਰਿਤ ਸੰਚਾਰ ਦੀ ਸੇਵਾ ਵੇਲੇ ਵੀ ਇਹਨਾਂ ਉੱਪਰ ਸਾਖਸ਼ਾਤ ਦੈਵੀ ਕਲਾ ਵਰਤਦੀ ਸੀ। ਹਮੇਸ਼ਾਂ ਬੇਲੋੜੇ ਵਾਦ ਵਿਵਾਦ ਅਤੇ ਸਵਾਰਥ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਤਾਕੀਦ ਕਰਦੇ ਸਨ।
ਉੱਦੋਂ ਕੰਪਿਊਟਰ ਜਾਂ ਮੋਬਾਈਲ ਅਜੇ ਨਹੀਂ ਸਨ ਆਏ, ਆਪ ਜੀ ਗੁਰਬਾਣੀ ਦੇ ਸ਼ਬਦ ਖੋਜਣ ਲਈ ਤੁਕ-ਤਤਕਰਾ ਰਚਿਤ ਅਕਾਲੀ ਕੌਰ ਸਿੰਘ ਜੀ ਦੀ ਮਦਦ ਲੈਂਦੇ ਸਨ। ਦਾਸ ਨੂੰ ਵੀ ਕਈ ਵਾਰੀ ਉਹ ਕਹਿੰਦੇ ਸੀ ਵੀ ਇਹ ਫਲਾਣਾ ਸ਼ਬਦ ਦੇਖ, ਦਾਸ ਦੇ ਕੋਲ ਵੀ ਇਹ ਰੱਖਿਆ ਹੋਇਆ ਸੀ ਜੀ ਤੁਕ-ਤਤਕਰਾ, ਉਹਨਾਂ ਨੇ ਹੀ ਲੈ ਕੇ ਦਿੱਤਾ ਸੀ। ਗੁਰਬਾਣੀ ਦੇ ਮੁਢਲੇ ਭਾਵਾਂ ਨੂੰ ਸਮਝਣ ਲਈ ਸ਼ਬਦਾਰਥ ਦੀਆਂ ਸੈਂਚੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਤੋਂ ਸਹਾਇਤਾ ਲੈਣ ਦੀ ਤਾਕੀਦ ਕਰਦੇ ਸਨ।
ਇੱਕ ਵਾਰ ਇੱਕ ਸੱਜਣ ਨੇ ਸੰਗਤ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਅਤੇ ਭਾਈ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਨਿੰਦਾ ਕਰਦਿਆਂ ਕੁਝ ਅਪਮਾਨ ਜਨਕ ਸ਼ਬਦ ਬੋਲੇ ਕਿ ਲੋਕ ਐਵੇਂ ਹੀ ਸਿਫਤਾਂ ਕਰਦੇ ਰਹਿੰਦੇ ਸਨ, ਉਹਨਾਂ ਦੇ ਕਪਾਟ ਖੁੱਲੇ ਹੋਏ ਸਨ। ਐਸੀ ਉੱਚ ਹਸਤੀਆਂ ਦੇ ਪ੍ਰਤੀ ਘਿਨਾਉਣੇ ਲਫਜ਼ ਆਪ ਜੀ ਨੂੰ ਬਰਦਾਸ਼ਤ ਨਹੀਂ ਹੋਏ। ਬੜੇ ਵਜਦ ਵਿੱਚ ਆ ਕੇ ਉਸ ਸੱਜਣ ਨੂੰ ਕਹਿਣ ਲੱਗੇ ਕਿ ਪੂਰਾ ਪੰਥ ਉਹਨਾਂ ਦੀ ਸ਼ਖਸੀਅਤ ਅੱਗੇ ਝੁਕਦਾ ਹੈ। ਜਿੱਥੋਂ ਤਾਈਂ ਦੈਵੀ ਬਖਸ਼ਿਸ਼ਾਂ ਦੀ ਗੱਲ ਹੈ, ਇਹ ਜੋ ਠੀਕਰਾ (ਯਾਨੀ ਆਪਣੇ ਆਪ ਨੂੰ ਸੰਬੋਧਨ ਕਰਕੇ ਉਹ ਕਹਿ ਰਹੇ ਸੀ) ਤੇਰੇ ਸਾਹਮਣੇ ਬੈਠਾ ਹੈ ਤਿੰਨ ਅਵਸਥਾਵਾਂ - ਅੰਮ੍ਰਿਤ ਧਾਰ, ਅਨਹਦ ਨਾਦ ਤੇ ਅੰਮ੍ਰਿਤ ਰਸ ਤਾਂ ਇਸ ਠੀਕਰੇ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਬਖਸ਼ੀਆਂ ਹੋਈਆਂ ਹਨ। ਉਹਨਾਂ ਮਹਾਂਪੁਰਖਾਂ ਦਾ ਤਾਂ ਕੀ ਕਹਿਣਾ ਹੋਇਆ। ਅਸਲ ਵਿੱਚ ਉਹ ਸੱਜਣ ਭਾਈ ਸਾਹਿਬ ਰਣਧੀਰ ਸਿੰਘ ਜੀ ਰਚਿਤ ਪੁਸਤਕ 'ਅਨਹਦ ਸ਼ਬਦ ਦਸਮ ਦੁਆਰ' ਦੇ ਪਹਿਲੇ ਅਧਿਆਏ ਵਿੱਚ ਦਰਸਾਈਆਂ ਦਸਮ ਦੁਆਰ ਖੁੱਲਣ ਦੀਆਂ ਤਿੰਨ ਨਿਸ਼ਾਨੀਆਂ - ਦਰਸ਼ਨ ਝਲਕ, ਅੰਮ੍ਰਿਤ ਰਸ ਅਤੇ ਅਨਹਦ ਸ਼ਬਦ ਉੱਪਰ ਵਾਰਤਾਲਾਪ ਕਰ ਰਿਹਾ ਸੀ। ਗੁਰਬਾਣੀ ਦੇ ਅਥਾਹ ਸਮੁੰਦਰ ਵਿੱਚ ਲੁਪਤ ਬੇਅੰਤ ਰਮਜ਼ਾਂ ਦਾ ਪ੍ਰਗਟਾਵਾ ਭਾਈ ਸਾਹਿਬ ਸੁਰਜੀਤ ਸਿੰਘ ਨਾਲ ਕੀਤੀ ਜਾਂਦੀ ਗੁਰਮਤਿ ਵਿਚਾਰ ਗੋਸ਼ਟ ਦੌਰਾਨ ਸਹਿਜੇ ਹੀ ਸਮਝ ਬੂਝ ਵਿੱਚ ਆ ਕੇ ਚਾਨਣ ਮੁਨਾਰੇ ਦਾ ਕੰਮ ਕਰਦਾ ਸੀ।
ਆਪ ਜੀ ਦਾ ਪਹਿਲਾ ਦਰਸ ਮਿਲਾਪ ਦਾਸਰੇ ਨੂੰ 1992-93 ਵਿੱਚ ਅੰਬਾਲਾ ਛਾਉਣੀ ਦੇ ਸਲਾਨਾ ਸਮਾਗਮ ਤੇ ਹੋਇਆ। ਦਿਵਸ ਸੁਹੇਲੇ ਕੀਰਤਨ ਦੀ ਸਮਾਪਤੀ ਉਪਰੰਤ ਦਾਸ ਪੰਡਾਲ ਤੋਂ ਬਾਹਰ ਜਾਣ ਲੱਗਿਆ ਤਾਂ ਸਾਹਮਣੇ ਹੀ ਮਿਲ ਪਏ। ਗੁਰੂ ਫਤਿਹ ਦੀ ਸਾਂਝ ਹੁੰਦਿਆਂ ਹੀ ਉਹਨਾਂ ਨੇ ਦਾਸ ਨੂੰ ਪੁੱਛਿਆ ਕਿ ਤੁਸੀਂ ਜੋ ਅੱਜ ਸ਼ਬਦ ਪੜ੍ਹਿਆ ਹੈ "ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ" (ਅੰਗ 1323), ਇਸ ਬਾਰੇ ਅੰਤਰ ਆਤਮੇ ਕੁਝ ਅਵਸਥਾ ਜਾਂ ਸੋਝੀ ਵੀ ਹੈ ਜਾਂ ਕੇ ਸ਼ਬਦ ਹੀ ਪੜ੍ਹਿਆ ਹੈ? ਇਤਨਾ ਆਖਦਿਆਂ ਉਹਨਾਂ ਦੀਆਂ ਅੱਖਾਂ ਵਿੱਚੋਂ ਬੈਰਾਗ ਨਾਲ ਇਤਨਾ ਜਲ ਵਹਿ ਤੁਰਿਆ ਕਿ ਉਹਨਾਂ ਦਾ ਸਾਰਾ ਦਾੜਾ ਭਿੱਜ ਗਿਆ। ਦਾਸ ਨੇ ਜਵਾਬ ਦਿੱਤਾ ਕਿ ਕੇਵਲ ਪੜ੍ਹਦਾ ਹੀ ਹਾਂ ਅਜੇ ਕੋਈ ਗੱਲ ਬਣੀ ਨਹੀਂ। ਦਾਸ ਨੇ ਸੋਚਿਆ ਕਿ ਕੋਈ ਸਧਾਰਨ ਸਿੰਘ ਬੈਰਾਗੀ ਹੈ, ਬੈਰਾਗ ਕਰ ਰਿਹਾ ਹੈ। ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਦਾਸ ਨੂੰ ਗੁਰਮਤਿ ਅਸੂਲਾਂ ਦਾ ਨੇਮ ਪਾਲਣ ਬਾਰੇ ਕਈ ਸਵਾਲ ਪੁੱਛੇ ਜਿਵੇਂ ਕਿ ਨਿਤਨੇਮ, ਸਿਮਰਨ, ਅੰਮ੍ਰਿਤ ਵੇਲਾ, ਸੁੱਚਮਤਾ ਆਦਿ। ਹਰ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਵੱਲੋਂ ਨਿਮਰਤਾ ਸਹਿਤ ਉੱਤਰ ਸੁਣ ਕੇ ਦਾਸ ਨੇ ਆਖਿਆ ਕਿ ਤੁਸੀਂ ਮੇਰੇ ਤੋਂ ਬਹੁਤ ਅੱਗੇ ਹੋ, ਮੈਂ ਤਾਂ ਇਹਨਾਂ ਸੁੱਲਾਂ ਤੇ ਅਜੇ ਪਰਪੱਕ ਨਹੀਂ ਹੋਇਆ। ਇਸ ਤੋਂ ਬਾਅਦ ਆਪ ਜੀ ਨੇ ਮੇਰੇ ਨਾਲ ਆਪਸ ਵਿੱਚ ਮਿਲਦੇ ਰਹਿਣ ਦਾ ਵਾਇਦਾ ਕੀਤਾ।
ਉਸੇ ਰਾਤ ਹੀ ਉੱਥੇ ਰੈਣ ਸੁਬਾਈ ਕੀਰਤਨ ਸਮਾਗਮ ਸੀ। ਪੰਜ ਪਿਆਰੇ ਅੱਧੀ ਰਾਤ ਤੋਂ ਬਾਅਦ ਨਵੇਂ ਦੀਕਸ਼ਿਤ ਅੰਮ੍ਰਿਤ ਅਭਿਲਾਖੀਆਂ ਨਾਲ ਸੰਗਤ ਵਿੱਚ ਆ ਕੇ ਸਟੇਜ ਤੇ ਬਿਰਾਜਮਾਨ ਹੋ ਗਏ। ਜਦੋਂ ਗਹੁ ਨਾਲ ਪੰਜਾਂ ਦੇ ਦਰਸ਼ਨ ਕੀਤੇ ਤਾਂ ਦੇਖਿਆ ਕਿ ਪੰਜਾਂ ਵਿੱਚ ਉਹੋ ਹੀ ਭਾਈ ਸਾਹਿਬ ਜੀ ਦਗ-ਦਗ ਕਰਦੇ ਚਿਹਰੇ ਅਤੇ ਉੱਪਰ ਵੱਲ ਨੂੰ ਇਉਂ ਸਮਾਧੀ ਲਗਾ ਕੇ ਬੈਠੇ ਸਨ ਕਿ ਸਾਖਸ਼ਾਤ "ਰਸਕਿ ਰਸਕਿ ਗੁਨ ਗਾਵਹਿ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ" (ਅੰਗ 1335) ਦਾ ਪ੍ਰਤੱਖ ਨਜ਼ਾਰਾ ਸੀ। ਦੇਖਦਿਆਂ ਹੀ ਮਨ ਸ਼ਰਮਸ਼ਾਰ ਹੋਇਆ ਕਿ ਮੈਂ ਤਾਂ ਅਣਜਾਣੇ ਵਿੱਚ ਹੀ ਇਹਨਾਂ ਨੂੰ ਦਿਨੇ ਦਸਮ ਦੁਆਰ ਬਾਰੇ ਕੁਝ ਨੁਕਤੇ ਦੱਸ ਰਿਹਾ ਸੀ, ਇਹ ਤਾਂ ਪੁੱਗ ਖਲੋਤੇ ਗੁਰਮੁਖ ਜਨ ਹਨ। ਇਸ ਤੋਂ ਬਾਅਦ ਭਾਈ ਸਾਹਿਬ ਜੀ ਦੇ ਘਰ ਆਉਣਾ ਜਾਣਾ ਬਣ ਗਿਆ। ਕਦੀ ਦਾਸ ਚਲਿਆ ਜਾਂਦਾ ਸੀ, ਬਹੁਤ ਵਾਰੀ ਉਹ ਉਰੇ ਅੰਬਾਲੇ ਦਾਸ ਕੋਲ ਆਉਂਦੇ ਹੁੰਦੇ ਸੀ। ਬਹੁਤੀਆਂ ਗੁਰਮਤਿ ਰਮਜ਼ਾਂ ਤਾਂ ਉਹਨਾਂ ਦੀ ਰਹਿਤ ਰਹਿਣੀ ਜੀਵਨ ਜੁਗਤੀ ਨੂੰ ਪੇਖਦਿਆਂ ਅਤੇ ਉਹਨਾਂ ਨਾਲ ਵਿਚਰਦਿਆਂ ਆਪਣੇ ਆਪ ਸਮਝ ਆ ਗਈਆਂ। ਕੁਝ ਗੱਲਾਂ ਅਤੇ ਘਟਨਾਵਾਂ ਜੋ ਸਮੇਂ-ਸਮੇਂ ਉਹਨਾਂ ਨੇ ਦੱਸਿਆਂ ਉਹ ਗੁਰਮਤਿ ਜੀਵਨ ਜਾਂਚ ਲਈ ਬਹੁਤ ਲਾਭਦਾਇਕ ਸਾਬਤ ਹੋਈਆਂ।
ਆਪ ਜੀ ਮੁਤਾਬਿਕ ਕੀਰਤਨ ਸੁਰਤ ਨਾਲ ਸੁਣਨ ਕਰਨ ਦਾ ਵਿਸ਼ਾ ਹੈ, ਅੱਖਾਂ ਨਾਲ ਦੇਖਣ ਦਾ ਨਹੀਂ। ਇਸ ਕਰਕੇ ਸੰਗਤ ਵਿੱਚ ਆਪ ਕੀਰਤਨੀਆਂ ਸਾਹਮਣੇ ਜਾਂ ਕੀਰਤਨੀਆਂ ਦੇ ਨਜ਼ਦੀਕ ਬੈਠਣ ਲਈ ਹੱਠ ਜਾਂ ਕੋਸ਼ਿਸ਼ ਨਹੀਂ ਸੀ ਕਰਦੇ। ਕੀਰਤਨ ਕੰਠਾਗਰ ਦੇ ਹੱਕ ਵਿੱਚ ਸਨ ਪਰ ਫਾਲਤੂ ਬਹਿਸ ਵਿੱਚ ਨਹੀਂ ਸੀ ਪੈਂਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਚੱਲ ਰਹੀ ਪੁਰਾਤਨ ਕੀਰਤਨ ਦੀ ਮਰਿਆਦਾ ਨੂੰ ਅਪਣਾਉਣ ਲਈ ਕਹਿੰਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਣ ਵੇਲੇ 'ਧੰਨ' ਜ਼ਰੂਰ ਆਖਦੇ ਸੀ। ਆਪ ਜੀ ਮੁਤਾਬਿਕ ਜਦੋਂ ਵਕਤੇ ਅਤੇ ਸਰੋਤਿਆਂ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਹੁੰਦੀ ਹੈ ਤਾਂ ਅਗੰਮੀ ਦੈਵੀ ਕਲਾ ਵਰਤਦੀ ਹੈ ਅਤੇ ਉਦੋਂ ਹੀ ਅਨੰਦ ਜਾਂ ਰਸ ਆਉਂਦਾ ਹੈ। ਜੇ ਸਾਡਾ ਜੀਵਨ ਆਮ ਲੋਕਾਂ ਵਾਂਗ ਹੀ ਹੈ ਤਾਂ ਕੀਰਤਨ ਸਿਰਫ ਸੰਗੀਤ ਕਲਾ ਹੈ। ਜੋ ਕੋਈ ਪ੍ਰਾਣੀ ਰੋਮਾਂ ਦੀ ਬੇਅਦਬੀ ਕਰਕੇ ਜਾਂ ਹੋਰ ਪਤਿਤ ਕਰਮ ਕਰ ਲੈਂਦਾ ਸੀ ਤਾਂ ਆਪ ਹੌਕਾ ਲੈ ਕੇ ਆਖਦੇ ਸਨ ਕਿ ਇਸ ਤੇ ਨਦਰਿ ਉਪੱਠੀ ਹੋ ਗਈ ਹੈ।
ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਨਾ ਸਤਿਕਾਰ ਕਰਦੇ ਸਨ ਕਿ ਸਮਾਪਤੀ ਤੋਂ ਬਾਅਦ ਸੁਖਾਸਨ ਦੀ ਸੇਵਾ ਕਰਵਾ ਕੇ ਗੁਰੂ ਸਾਹਿਬ ਜੀ ਨੂੰ ਨਿਜ ਆਸਣ ਤੇ ਬਿਰਾਜਮਾਨ ਕਰਾ ਕੇ ਹੀ ਘਰ ਲਈ ਤੁਰਦੇ ਸਨ। ਭੈ ਭਾਵਨੀ ਅਧੀਨ ਆਖਿਆ ਕਰਦੇ ਸੀ ਕਿ ਜਦੋਂ ਤੱਕ ਅਫਸਰ ਆਪਣੇ ਦਫਤਰ ਵਿੱਚ ਕੁਰਸੀ ਤੇ ਬੈਠਾ ਹੋਵੇ ਤਾਂ ਮੁਲਾਜ਼ਮ ਕਿਵੇਂ ਬਾਹਰ ਆ ਸਕਦੇ ਹਨ। ਇਸੇ ਤਰ੍ਹਾਂ ਕਈ ਪ੍ਰਾਣੀ ਸਤਿਗੁਰਾਂ ਉੱਪਰ ਛੋਟਾ ਜਿਹਾ ਚੰਦੋਆ ਹੀ ਲਗਾਉਂਦੇ ਹਨ, ਆਪ ਉਹਨਾਂ ਬਾਰੇ ਵੀ ਸਹਿਮਤ ਨਹੀਂ ਸਨ। ਉਹ ਸ੍ਰੀ ਦਰਬਾਰ ਸਾਹਿਬ ਵਾਂਗ ਹੀ ਵੱਡਾ ਚੰਦੋਆ ਲਾਉਣ ਦੇ ਮੁਦਈ ਸਨ। ਉਹਨਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ ਦਾਸ ਵੱਲੋਂ ਹੇਠਾਂ ਦਰਜ ਹਨ ਜੋ ਦਾਸ ਪੜ੍ਹਨ ਲੱਗਿਆ ਹੈ:
ਇਤਿਹਾਸਕ ਗੁਰਧਾਮਾਂ ਦੀ ਯਾਤਰਾ ਵੇਲੇ ਉੱਥੋਂ ਦੇ ਸਰੋਵਰ ਵਿੱਚ ਸੁਕੇਸ਼ੀ ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜਨ ਨੂੰ ਅਹਿਮੀਅਤ ਦਿੰਦੇ ਸਨ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਪਾਰਬ੍ਰਹਮ ਪਰਮੇਸ਼ਰ ਅਤੇ ਅਕਾਲ ਪੁਰਖ ਦੀ ਨਿਰੰਜਨੀ ਜੋਤ ਕਰਕੇ ਸੇਵਨਾ ਅਤੇ ਅਦਬ ਸਤਿਕਾਰ ਕਰਨਾ ਅਤਿ ਜ਼ਰੂਰੀ ਹੈ।
ਅਸੀਂ ਜਿਤਨੀ ਸਾਵਧਾਨਤਾ ਆਪਣੇ ਪਰਿਵਾਰ, ਬੱਚਿਆਂ, ਦਫਤਰ ਤੇ ਰੁਜ਼ਗਾਰ ਸੰਬੰਧੀ ਕੰਮਕਾਰਾਂ ਪ੍ਰਤੀ ਦਿਖਾਉਂਦੇ ਹਾਂ, ਉਤਨੀ ਹੀ ਪਰਮਾਰਥ ਪ੍ਰਤੀ ਢਿੱਲ, ਕਮਜ਼ੋਰੀ, ਗਫਲਤ ਤੇ ਲਾਪਰਵਾਹੀ ਕਰਦੇ ਹਾਂ। ਅਸਲੀ ਕਾਰ ਵਿੱਚ ਜੁਟਣ ਲਈ ਕੋਈ ਸੰਜੀਦਗੀ ਨਹੀਂ ਦਿਖਾਉਂਦੇ।
ਕੂੜੀ ਰਾਜਨੀਤੀ ਤੋਂ ਦੂਰ ਰਹਿਣ ਲਈ ਤਾਕੀਦ ਕਰਦੇ ਸਨ ਤੇ ਗੁਰਮਤਿ ਮਾਰਗ ਦੇ ਪਾਂਧੀ ਬਣਨ ਤੇ ਜ਼ੋਰ ਦਿੰਦੇ ਸਨ। ਬੇਗਮਪੁਰੇ ਦਾ ਮਾਰਗ ਹੋਰ ਹੈ ਅਤੇ ਰਾਜਨੀਤੀ ਦਾ ਹੋਰ ਹੈ, ਉਹਨਾਂ ਮੁਤਾਬਿਕ।
'ਸੀਨਾ ਬਸੀਨਾ ਚਲੀ ਆ ਰਹੀ ਧੁਰ ਦਰਗਾਹੀ ਪ੍ਰੰਪਰਾ ਮੁਤਾਬਿਕ' ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਸਜੇ ਪੰਜਾਂ ਸਨਮੁਖ ਜ਼ਾਹਿਰ ਇਕਬਾਲ ਕੀਤੀ ਕਿਸੇ ਵੀ ਭੁੱਲ ਜਾਂ ਬੱਜਰ ਕੁਰਹਿਤ ਦਾ ਭੇਦ ਜਾਂ ਜ਼ਿਕਰ ਅੰਮ੍ਰਿਤ ਸੰਚਾਰ ਅਸਥਾਨ ਅੰਦਰ ਤੱਕ ਹੀ ਸੀਮਤ ਰਹਿੰਦਾ ਹੈ। ਭਾਵ ਕਿ ਪੰਜਾਂ ਦੀ ਸੇਵਾ ਨਿਭਾਉਣ ਵਾਲਾ ਕੋਈ ਵੀ ਸੱਜਣ ਸੇਵਾ ਤੋਂ ਉਪਰੰਤ ਇਕੱਲਿਆਂ ਕਦੇ ਵੀ ਕਿਸੇ ਹੋਰ ਵਿਅਕਤੀ ਨੂੰ ਬਾਹਰ ਆ ਕੇ ਇਸ ਭੇਦ ਬਾਰੇ ਨਹੀਂ ਦੱਸਦਾ ਜਾਂ ਸੁਣਾਉਂਦਾ।
ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਪੰਜਾਬ ਅੰਦਰ ਚੱਲੇ ਖਾੜਕੂ ਸੰਘਰਸ਼ ਦੌਰਾਨ ਘਰ ਆਏ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨ ਕਰਕੇ ਆਪ ਜੀ ਨੂੰ ਕਈ ਵਾਰ ਪੁਲਿਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ, ਕੁਝ ਸਮਾਂ ਜੇਲ੍ਹ ਵੀ ਕੱਟੀ ਪਰ ਬਾਅਦ ਵਿੱਚ ਬਾਇਜ਼ਤ ਰਿਹਾ ਹੋ ਗਏ।
ਆਪਣੇ ਜੀਵਨ ਦੀ ਇੱਕ ਹੋਰ ਘਟਨਾ ਵਰਨਣ ਕਰਦਿਆਂ ਉਹਨਾਂ ਨੇ ਦੱਸਿਆ ਕਿ ਆਪ ਨੂੰ ਸੁਪਨੇ ਵਿੱਚ ਦਿਸਿਆ ਕਿ ਇੱਕ ਰਿਆਸਤ ਦਾ ਰਾਜਾ ਮਰ ਗਿਆ ਹੈ ਤੇ ਉਸਨੂੰ ਇੱਕ ਰਥ ਵਿੱਚ ਬਿਠਾ ਕੇ ਲਿਜਾ ਰਹੇ ਹਨ। ਰਸਤੇ ਵਿੱਚ ਕੁਝ ਦਲਦਲ ਵਿੱਚ ਉਹ ਰਥ ਫਸ ਗਈ ਪਰ ਪਿੱਛੋਂ ਆਏ ਬੰਦਿਆਂ ਨੇ ਧੱਕਾ ਮਾਰਿਆ ਤੇ ਉਹ ਰਥ ਨਿਕਲ ਕੇ ਅੱਗੇ ਚਲੀ ਗਈ। ਉਸਦੀ ਧਰਮਰਾਜ ਅੱਗੇ ਪੇਸ਼ੀ ਹੋਈ। ਅੱਗੋਂ ਇੱਕ ਅਜ਼ਗੈਬੀ ਅਵਾਜ਼ ਗੂੰਜੀ "ਪੁੰਨ ਦਾਨ ਬਹੁਤ ਹੈ, ਬਹੁਤ ਹੈ ਪਰ ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥" (ਅੰਗ 346)। ਇਸਨੇ ਨਾਮ ਨਹੀਂ ਜਪਿਆ। ਆਪ ਜੀ ਦੱਸਦੇ ਸਨ ਕਿ ਆਪ ਨੇ ਇਹ ਗੁਰਵਾਕ ਪਹਿਲਾਂ ਕਦੇ ਨਹੀਂ ਸੀ ਸੁਣਿਆ। ਉੱਪਰੋਂ ਫਿਰ ਕੜਕ ਦੀ ਅਵਾਜ਼ ਆਈ "ਇੱਕ ਗੇੜਾ ਹੋਰ ਦੇ ਦਿਓ"। ਉਹ ਰਾਜਾ ਕੰਬ ਉੱਠਿਆ ਅਤੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗ ਪਿਆ। ਇਤਨੇ ਨੂੰ ਇੱਕ ਤਕੜਾ ਜਿਹਾ ਬੰਦਾ ਆਇਆ ਤੇ ਘਸੀਟ ਕੇ ਲੈ ਗਿਆ। ਉਸਨੂੰ ਪੁੰਨ ਦਾਨ ਕਰਨ ਕਰਕੇ ਇੱਕ ਵਾਰ ਦੁਬਾਰਾ ਮਨੁੱਖਾ ਜਨਮ ਮਿਲ ਗਿਆ। ਭਾਈ ਸਾਹਿਬ ਜੀ ਸਵੇਰੇ ਹੀ ਕਿਸੇ ਗੁਆਂਢੀ ਗੁਰਸਿੱਖ ਦੇ ਘਰ ਗਏ ਤੇ ਉਪਰੋਕਤ ਗੁਰਵਾਕ ਦੇ ਕੁਝ ਅੱਖਰ ਯਾਦ ਸਨ, ਉਹ ਪੁੱਛੇ। ਉਸ ਗੁਰਸਿੱਖ ਨੇ ਦੱਸਿਆ ਕਿ ਇਹ ਰਵਿਦਾਸ ਭਗਤ ਜੀ ਦਾ ਸ਼ਬਦ ਹੈ। ਅਸਲ ਵਿੱਚ ਉਨੀ ਦਿਨੀ ਨੇੜੇ ਦੀ ਰਿਆਸਤ ਦਾ ਇੱਕ ਰਾਜਾ ਵਾਕਿਆ ਹੀ ਗੁਜ਼ਰਿਆ ਸੀ ਜੋ ਬੇਅੰਤ ਪੁੰਨ ਦਾਨ ਕਰਦਾ ਸੀ ਪਰ ਅੰਮ੍ਰਿਤ ਨਹੀਂ ਸੀ ਛਕਿਆ।
ਆਪ ਜੀ ਨੂੰ ਗੁਰਬਾਣੀ ਦਾ ਅਭਿਆਸ ਬਹੁਤ ਸੀ। ਬਚਨ ਕਰਦੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਹੀ ਗੱਲਾਂ ਕਰਦੇ ਸਨ। ਬੈਰਾਗ ਤਾਂ ਹਰ ਵੇਲੇ ਛਿੜਿਆ ਹੀ ਰਹਿੰਦਾ ਸੀ। ਅੱਖਾਂ ਹਮੇਸ਼ਾਂ ਵੈਰਾਗ ਦੇ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਸੀ। ਆਪ ਸੇਵਾ ਤੇ ਨਿਮਰਤਾ ਦੇ ਪੁੰਜ ਸਨ ਅਤੇ ਸੁਭਾਅ ਬਹੁਤ ਮਿਲਾਪੜਾ ਤੇ ਮਿੱਠ ਬੋਲੜਾ ਸੀ। ਅਕਸਰ ਸਮਝਾਇਆ ਕਰਦੇ ਸੀ ਕਿ ਗੁਰਮਤਿ ਮਾਰਗ ਤੇ ਤੁਰਦਿਆਂ ਨਾਮ ਤੇ ਗੁਰਬਾਣੀ ਵਿੱਚ ਹਮੇਸ਼ਾਂ ਲੀਨ ਰਹਿਣਾ ਚਾਹੀਦਾ ਹੈ। ਦੈਵੀ ਬਖਸ਼ਿਸ਼ਾਂ ਜਿਵੇਂ ਕਿ ਅਜ਼ਲੀ ਦਰਸ਼ਨ, ਵਧੀਆ ਨਜ਼ਾਰੇ ਪੇਖਣੇ, ਉੱਪਰ ਦੀ ਸੈਰ ਕਰਨੀ ਆਦਿ ਵਿੱਚ ਸੁਰਤ ਨਾ ਲਿਜਾਈਏ। ਰਿੱਧੀਆਂ ਸਿੱਧੀਆਂ ਤੋਂ ਬਚ ਕੇ ਕੇਵਲ ਨਾਮ ਅਧਾਰੀ ਬਣਨਾ ਚਾਹੀਦਾ ਹੈ।
ਆਪ ਜੀ ਦਾ ਕਾਫੀ ਸਮਾਂ ਪਹਿਲਾਂ ਗਦੂਦਾਂ ਦਾ ਆਪ੍ਰੇਸ਼ਨ ਹੋਇਆ ਸੀ ਪਰ ਪਿਸ਼ਾਬ ਦੀ ਤਕਲੀਫ ਕਾਰਨ ਇਹ ਆਪ੍ਰੇਸ਼ਨ ਦੁਬਾਰਾ ਕਰਵਾਉਣਾ ਪਿਆ। ਆਪ ਜੀ ਨੇ ਡਾਕਟਰਾਂ ਨੂੰ ਖਾਸ ਹਦਾਇਤ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਰੋਮਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਲੁਧਿਆਣੇ ਦਾ ਸਪੈਸ਼ਲਿਸਟ ਸਰਜਨ ਸੀ ਗੁਰਸਿੱਖ ਜਿਸਨੇ ਇਹ ਆਪ੍ਰੇਸ਼ਨ ਕਰਨਾ ਸੀ। ਆਪ ਜੀ ਕਹਿੰਦੇ ਸੀ ਕਿ ਜੇਕਰ ਇੱਕ ਵਾਰੀ ਰੋਮਾਂ ਦੀ ਬੇਅਦਬੀ ਹੋ ਗਈ ਤਾਂ ਦੁਬਾਰਾ ਟਾਂਕਾ ਲਾਉਣਾ ਪੈਂਦਾ ਹੈ ਭਾਵ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ ਜਿਸ ਤੋਂ ਬਚਣ ਲਈ ਸਿਰੜੀ ਗੁਰਸਿੱਖ ਹਮੇਸ਼ਾਂ ਪੂਰੀ ਵਾਹ ਲਾਉਂਦੇ ਸੀ ਭਾਵੇਂ ਮੌਤ ਆ ਜਾਵੇ ਪਰ ਫਿਰ ਵੀ ਰੋਮਾਂ ਦੀ ਬੇਅਦਬੀ ਨਹੀਂ ਸਨ ਹੋਣ ਦਿੰਦੇ। ਖੈਰ ਇਹ ਦੁਬਾਰਾ ਆਪ੍ਰੇਸ਼ਨ ਸਫਲ ਨਹੀਂ ਹੋ ਸਕਿਆ ਤੇ ਖੂਨ ਆਉਂਦਾ ਰਿਹਾ। ਫਿਰ ਇਹ ਖੇਚਲ ਵਧ ਕੇ ਕੈਂਸਰ ਦੀ ਬਿਮਾਰੀ ਬਣ ਗਈ। ਕਾਫੀ ਲੰਮਾ ਸਮਾਂ ਸਰੀਰ ਕਾਫੀ ਕਸ਼ਟ ਵਿੱਚ ਰਿਹਾ। ਪਰਿਵਾਰ ਤੇ ਗੁਰਸਿੱਖ ਪਿਆਰਿਆਂ, ਪ੍ਰੇਮੀ ਸਤਸੰਗੀਆਂ ਨੇ ਰੱਜ ਕੇ ਸੇਵਾ ਕੀਤੀ। ਇਸ ਸਮੇਂ ਉਹਨਾਂ ਕੋਲ ਨਾਮ ਬਾਣੀ ਦੇ ਅਤੁੱਟ ਪ੍ਰਵਾਹ ਚਲਦੇ ਰਹੇ। ਅਖੀਰ ਪਟਿਆਲੇ ਵਿਖੇ ਹੀ ਮਿਤੀ 12 ਜੂਨ 2016 ਨੂੰ ਪ੍ਰੇਮੀਆਂ ਅਤੇ ਗੁਰਸਿੱਖਾਂ ਦੀ ਮੌਜੂਦਗੀ ਵਿੱਚ ਹੀ ਪੰਜ ਭੂਤਕ ਚੋਲਾ ਤਿਆਗ ਕੇ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਸਫਲਾ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।