ਭਾਈ ਜੋਧ ਸਿੰਘ ਜੀ ਦਾ ਅੰਮ੍ਰਿਤ ਸੰਚਾਰ ਅਨੁਭਵ
ਜਿਵੇਂ ਕਿ ਉਹਨਾਂ ਦੀ ਪੁਸਤਕ 'ਸੋਨ ਚਿੜੀ ਚੜ੍ਹੀ ਗੈਣਿ' ਵਿੱਚ ਦਰਜ਼ ਹੈ
ਦਾਸ ੧੯੪੯ ਵਿੱਚ ਸ਼ਿਮਲੇ ਦੇ ਸਮਾਗਮ ਸਮੇਂ ਜਹਾਜ਼ੇ ਚੜ੍ਹਿਆ ਸੀ। ਦਾਸ ਲਈ ਇਹ ਅਖੰਡ ਕੀਰਤਨੀ ਜਥੇ ਦੇ ਸਮਾਗਮ ਦੀ ਪਹਿਲੀ ਹਾਜ਼ਰੀ ਸੀ । ਕੁੱਝ ਦਿਨ ਜਾਂ ਹਫਤੇ ਹੀ ਨਹੀਂ, ਮਹੀਨਿਆਂ ਬੱਧੀ ਇਸ ਸ਼ਿਮਲੇ ਦੇ ਸਮਾਗਮ ਦੀ ਉਡੀਕ ਕੀਤੀ। ਦਿਨ ਰਾਤ ਸੁਰਤੀ ਏਧਰ ਹੀ ਰਹੀ ਅਤੇ ਅੰਤਰ ਆਤਮੇ ਲਗਾਤਾਰ ਉਸ ਪੂਰਨ ਗੁਰਸਿਖ ਅਤੇ ਪੰਜ ਪਿਆਰਿਆਂ ਦੀਆਂ ਮੂਰਤਾਂ ਮਨ ਵਿੱਚ ਚਿਤਵਦਾ ਰਿਹਾ। ਬਹੁਤ ਅੱਛਾ ਹੋਇਆ ਜੋ ਭਾਈ ਨੌਹਰੀਆ ਸਿੰਘ ਜੀ (ਮੇਰੇ ਪੂਰਬਲੇ ਸੰਜੋਗੀ ਪਰਮ ਮਿਤ੍ਰ ਭਾਈ ਮਿਹਰ ਸਿੰਘ ਜੀ ਦੇ ਵਡੇ ਭਰਾਤਾ ਜੀ) ਨੇ ਘਰ ਆਕੇ ਦੱਸ ਦਿੱਤਾ ਕਿ ਤੁਹਾਡੀ ਪਤਨੀ ਨੂੰ ਭੀ ਤੁਹਾਡੇ ਨਾਲ ਹੀ ਪੇਸ਼ ਹੋਣਾ ਪਏਗਾ। ਇਹ ਜਥਾ ਸ਼ਾਦੀ ਸ਼ੁਦਾ ਸਿੰਘ ਨੂੰ ਇਕੱਲਿਆਂ ਅੰਮ੍ਰਿਤਪਾਨ ਨਹੀਂ ਕਰਾਉਂਦਾ । ਜਦੋਂ ਅਰਧੰਗੀ ਨੂੰ ਪਤਾ ਲੱਗਾ ਕਿ ਦਾਸਰੇ ਇਕਲੇ ਨੂੰ ਅੰਮ੍ਰਿਤ ਨਹੀਂ ਮਿਲੇਗਾ ਤਾਂ ਉਹ ਭੀ ਸਹਿਮਤ ਹੋਕੇ ਖੁਦ ਬਖੁਦ ਤਿਆਰ ਹੋ ਗਈ।
ਪੂਰਨ ਗੁਰਸਿੱਖ ਦਾ ਪਹਿਲਾ ਦਰਸ਼ਨ
ਗੁਰਦਵਾਰਾ ਸਿੰਘ ਸਭਾ ਕਾਰਟ ਰੋਡ, ਸ਼ਿਮਲਾ ਵਿਚ ਸੰਗਤਾਂ ਆ ਜੁੜੀਆਂ ਸਨ। ਅਸੀਂ ਦੋਵੇਂ ਜੀਅ ਗੁਰਪੁਰਬ ਵਾਲੇ ਦਿਨ ਹੀ ਪੁਜ ਸਕੇ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ। ਨਿਚਲੀ ਮੰਜ਼ਲ ਤੇ ਪਰਮ ਪਿਆਰੇ ਕੋਮਲ ਜੀ, ਹੋਰ ਗੁਰਮੁਖ ਵੀਰ ਪਿਆਰੇ ਤੇ ਕੁੱਝ ਗੁਰਮੁਖ ਭੈਣਾਂ ਸਤਕਾਰ ਤੇ ਸ਼ਰਧਾ ਸੇਤੀ ਗੁਰੂ ਪਿਆਰੀ ਅਦੁੱਤੀ ਸ਼ਖ਼ਸੀਅਤ ਸੋਨ ਚਿੜੀ" ਦੇ ਦਰਸ ਪਰਸ ਰਹੀਆਂ ਸਨ। ਕੋਮਲ ਵੀਰ ਜੀ ਨੇ ਜਦ ਸਾਨੂੰ ਦੇਖਿਆ ਤਾਂ ਝੱਟ ਪੱਟ ਇਸ਼ਾਰੇ। ਇਥੇ ਭਾਈ ਸਾਹਿਬ ਜੀ ਬੈਰਾਗਣ ਦੇ ਆਸਰੇ ਸਾਦੇ ਜਿਹੇ ਪਲੰਘ ਦੇ ਉਪਰ ਬਿਰਾਜਮਾਨ ਸਨ । ਸੰਗਤਾਂ ਸ਼ਰਧਾ ਅਤੇ ਸਤਕਾਰ ਸੇਤੀ, ਦਰਸ਼ਨ ਮੇਲੇ ਕਰਕੇ ਗੱਦ ਗੱਦ ਹੋ ਰਹੀਆਂ ਸਨ। ਦਾਸਰੇ ਨੂੰ ਤਾਂ ਇਹ ਪਹਿਲਾ ਸੁਭਾਗ ਭਾ: ਸਾਹਿਬ ਜੀ ਦੇ ਦਰਸ਼ਨਾਂ ਦਾ ਪ੍ਰਾਪਤ ਹੋਇਆ ਸੀ। ਚਿਹਰੇ ਦੇ ਜਲਾਲ ਨੂੰ ਟਿਕਟਿਕੀ ਲਗਾਕੇ ਦੇਖ ਰਿਹਾ ਸੀ ਕਿ ਪਲ ਕੁ ਮਗਰੋਂ ਮਨਮੋਹਣੀ ਮੂਰਤ ਦਿਲ ਖੋਹਣੀ ਸੂਰਤ ਨੇ ਨੇਤਰ ਖੋਲ੍ਹੇ ਤਾਂ ਕੋਮਲ ਜੀ ਨੇ ਬੇਨਤੀ ਕੀਤੀ.
"ਬਾਪੂ ਜੀ! ਇਹ ਭਾਈ ਜੋਧ ਸਿੰਘ ਤੇ ਇਨ੍ਹਾਂ ਦੇ ਘਰੋਂ ਬੀਬੀ ਜੀ ਹਨ। ਇਨ੍ਹਾਂ ਨੇ ਜਹਾਜ਼ੇ ਚੜ੍ਹਨਾ ਹੈ ਜੀ । ਬੜੇ ਪਿਆਰ ਵਾਲੀ ਜੋੜੀ ਹੈ ! ਕ੍ਰਿਪਾ ਕਰੋ ਜੀ, ਅਸੀਸਾਂ ਬਖਸ਼ੋ ਜੀ!" ਇਹ ਸ਼ਬਦ ਅਜੇ ਕੇਮਲ ਜੀ ਦੇ ਮੂੰਹ ਵਿੱਚ ਹੀ ਸਨ ਕਿ ਇਕ ਪਾਰਸ ਕਲਾ ਵਰਤੀ। ਸਾਡੇ ਦੰਪਤੀ ਦੇ ਸੀਸ ਸੋਨ ਚਿੜੀ ਦੇ ਚੁੰਬਕ ਨੇਤ੍ਰਾਂ ਵਲ ਵੇਖਦਿਆਂ ਸਾਰ ਉਸ ਅਦੁੱਤੀ ਹਸਤੀ ਵਲ ਇਕ ਆਤਮ ਧੂਹ ਰਾਹੀਂ ਉਲਰੇ ਪਰ ਚਰਨਾਂ ਤੇ ਪੁੱਜਣ ਤੋਂ ਪਹਿਲਾਂ ਹੀ ਉਸ ਮਹਾਨ ਮੂਰਤ ਨੇ ਸਾਡੇ ਸੀਸ ਦੋਹਾਂ ਹੱਥਾਂ ਨਾਲ ਬੋਚ ਲਏ ਅਤੇ ਛਾਤੀ ਨਾਲ ਇੰਞ ਹਿਤ ਨਾਲ ਲਾ ਲਏ ਜਿਵੇਂ ਉਹ ਚਿਰੀ ਵਿਛੁਨਿਆ ਸੱਜਣਾ ਨੂੰ ਮੁੱਦਤਾਂ ਮਗਰੋਂ ਮਿਲੇ ਹੋਣ। ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹ' ਬੁਲਾਈ ਅਤੇ ਥਾਪੜਾ ਵੀ ਦਿੱਤਾ। ਕੁੱਝ ਗੁਰਬਾਣੀ ਦੀਆਂ ਤੁਕਾਂ ਉਚਾਰਨ ਕੀਤੀਆਂ.
ਜਿਨ੍ਹਾਂ ਵਿੱਚੋਂ ਕੇਵਲ ਇਕ ਹੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ" ਹੀ ਯਾਦ ਹੈ। ਹੋਰ ਸੰਗਤਾਂ ਦਰਸ਼ਨ ਪਰਸਨ ਲਈ ਆ ਜਾ ਰਹੀਆਂ ਸਨ । ਦਾਸਰਾ ਟਿਕਟਿਕੀ ਲਗਾ ਕੇ ਚਿਹਰੇ ਦਾ ਜਲਾਲ ਦੇਖ ਦੇਖ ਦੰਗ ਹੋ ਰਿਹਾ ਸੀ।
ਅੰਮ੍ਰਿਤ ਸੰਚਾਰ ਸਮਾਗਮ ਸ਼ੁਰੂ
ਕੁੱਝ ਸਮੇਂ ਮਗਰੋਂ ਅੰਮ੍ਰਿਤ ਅਭਿਲਾਖੀਆਂ ਦੇ ਹਾਜ਼ਰ ਹੋਣ ਦਾ ਹੁਕਮ ਆ ਗਿਆ। ਦਿਨ ਦੇ ਦੋ ਕੁ ਬਜੇ ਦਾ ਸਮਾਂ ਸੀ । ਅੰਦਰ ਪੰਚਾਂ ਦੀ ਸੋਧ ਸੁਧਾਈ ਹੋ ਰਹੀ ਸੀ । ਅਸੀਂ ਸਾਰੇ ਅਭਿਲਾਖੀ ਬਾਹਰ ਬੈਠੇ ਸਾਂ । ਭਾਈ ਦਰਸ਼ਨ ਸਿੰਘ ਗੜਗੱਜ, ਪਹਿਰੇਦਾਰ ਸਿੰਘ ਨੇ ਸਾਨੂੰ ਸਾਵਧਾਨ ਹੋ ਕੇ ਗੁਰਬਾਣੀ ਦੇ ਪਾਠ ਕਰੀ ਜਾਣ ਲਈ ਜਾਂ ਸੁਣੀ ਜਾਣ ਲਈ ਹਦਾਇਤ ਕੀਤੀ। ਓਥੇ ਬੈਠਿਆਂ ਨੂੰ ਹੀ ਸੋ ਦਰੁ ਦਾ ਸਮਾਂ ਹੋ ਗਿਆ। ਰਹਿਰਾਸ ਸਾਹਿਬ ਦਾ ਪਾਠ ਹੋਇਆ। ਦਾਸਰੇ ਨੂੰ ਵਹਿਮ ਹੋ ਗਿਆ ਕਿ ਮੈਂ ਆਪਣਾ ਸੇ ਦਰੁ ਦਾ ਪਾਠ ਤਾਂ ਕੀਤਾ ਹੀ ਨਹੀਂ। ਅਜੇ ਤਾਂਈ ਦਾਸਰਾ ਆਪਣੀ ਰਸਨਾ ਨਾਲ ਆਪ ਪਾਠ ਕਰਨ ਨੂੰ ਹੀ ਪਾਠ ਕਰਨਾ ਸਮਝਦਾ ਸੀ, ਭਾਵ ਸੁਣਨ ਨੂੰ ਪਾਠ ਕਰਨ ਦੇ ਤੁੱਲ ਨਹੀਂ ਸੀ ਸਮਝਦਾ। ਗੁਪਤ ਸੋ ਦਰੁ ਦਾ ਪਾਠ ਕੀਤਾ ਤਾਂ ਤਸੱਲੀ ਹੋਈ। ਹਾਰ ਸ਼ਿੰਗਾਰ ਬਿਵਰਜਿਤ। ਉਪਰੰਤ ਸੰਗਤ ਨੂੰ ਲੰਗਰ ਪਾਣੀ ਉਥੇ ਹੀ ਛਕਾਇਆ ਗਿਆ । ਪਹਿਰੇਦਾਰ ਸਿੰਘ ਨੇ ਖੂਬ ਤਾੜਨਾ ਕਰਦੇ ਹੋਏ ਸਾਨੂੰ ਪੰਜ ਕਕਾਰੀ ਰਹਿਤ ਸਹਿਤ ਸਾਵਧਾਨ ਰਹਿਣ ਲਈ ਆਖਿਆ ਤੇ ਸਭ ਨੂੰ ਹਰ ਕਿਸਮ ਦੇ ਹਾਰ ਸ਼ਿੰਗਾਰ ਉਤਾਰ ਕੇ ਬੇਲੋੜੇ ਬੋਝ ਤੋਂ ਨਿਰਭਾਰ ਹੋਣ ਲਈ ਕਿਹਾ। ਗਹਿਣੇ ਆਦਿ ਉਤਰਵਾ ਕੇ ਸਭ ਬੀਬੀਆਂ ਨੂੰ ਪੰਜਵਾਂ ਕਕਾਰ ਕੇਸਕੀ ਸਜਵਾਇਆ। ਪੰਜ ਕਕਾਰੀ ਰਹਿਤ-ਕੱਛ ਕੜਾ, ਕ੍ਰਿਪਾਨ, ਕੰਘਾ, ਕੇਸਕੀ-ਸਹਿਤ ਪੇਸ਼ ਹੋਣ ਦਾ ਹੁਕਮ ਸੁਣਾਇਆ। ਦਿਨ ਦੇ ਦੇ ਬਜੇ ਤੋਂ ਰਾਤ ਦੇ ਦਸ ਵਜ ਗਏ। ਪੇਸ਼ੀਆਂ ਸ਼ੁਰੂ ਹੋਈਆਂ। ਪਿਤਾ ਜੀ ਬੁੰਗੇ ਵਿਚ ਇੱਕਲੇ ਹੀ ਸਨ ਤੇ ਬੁੰਗਾ ਭੀ ਇਕੱਲ ਵਾਂਝੇ ਹੀ ਸੀ, ਭਾਵ ਆਸ ਪਾਸ ਕੋਈ ਕਿਸੇ ਦਾ ਨਿਵਾਸ ਨਹੀਂ ਸੀ। ਐਸੇ ਬਿਸਮਾਦੀ ਰੰਗ ਬੱਝੇ ਕਿ ਇਹ ਸੰਦੇਸ਼ ਭੇਜਣਾ ਭੀ ਭੁੱਲ ਗਏ ਕਿ ਦਿਨੇ ਦਿਨੇ ਘਰ ਵਾਪਸ ਨਹੀਂ ਪੁੱਜ ਸਕਾਂਗੇ। ਸਾਨੂੰ ਤਾਂ ਇਹੀ ਆਸ ਜਾਂ ਅੰਦਾਜ਼ਾ ਸੀ ਕਿ ਅੰਮ੍ਰਿਤ ਸੰਚਾਰ ਦੇ ਤਿੰਨ ਘੰਟਿਆਂ ਵਿੱਚ ਸਮਾਪਤ ਹੋ ਜਾਵੇਗਾ। ਇਹ ਰੈਣ ਸਬਾਈ ਤੇ ਅੰਮ੍ਰਿਤ ਵੇਲੇ ਦੇ ਅੰਮ੍ਰਿਤ ਸੰਚਾਰ ਦਾ ਖਾਬੇ ਖਿਆਲ ਹੀ ਨਹੀਂ ਸੀ। ਇਹ ਗਿਆਨ ਜਾਂ ਗੁਮਾਨ ਤੱਕ ਨਹੀਂ ਸੀ ਕਿ ੧੫-੧੬ ਘੰਟੇ ਲੱਗ ਜਾਣਗੇ, ਪਰ ਇਸ ਅਵਧੀ ਕਾਰਨ ਕੋਈ ਬੇਚੈਨੀ ਨਹੀਂ ਸੀ ਵਿਆਪ ਰਹੀ, ਸਗੋਂ ਦਾਸਰਾ ਤਾਂ ਭਾਈ ਸਾਹਿਬ ਜੀ ਦੇ ਪਹਿਲੇ ਦਰਸ਼ਨਾਂ ਵੇਲੇ ਤੋਂ ਹੀ ਉਨ੍ਹਾਂ ਦੇ ਨੇਤ੍ਰਾਂ ਵਿੱਚਲੀ ਖਿੱਚ ਜਾਂ ਮੈਸਮਰੇਜ਼ੀ ਸ਼ਕਤੀ ਨਾਲ ਘਾਇਲ ਹੋਇਆ ਬਿਸਮਾਦੀ ਰੰਗਾਂ ਵਿੱਚ ਰੰਗੀਜ ਰਿਹਾ ਸੀ, ਅਰਧੰਗੀ ਵੀ ਬੜੀ ਅਨੰਦ ਮਈ ਅਵਸਥਾ ਵਿੱਚ ਨਜ਼ਰ ਆ ਰਹੀ ਸੀ ।
ਗੁਰੂ ਰੂਪ ਪੰਜਾਂ ਪਿਆਰਿਆਂ ਦਾ ਪਹਿਲਾ ਦਰਸ਼ਨ
ਜਦੋਂ ਪੰਚਾਂ ਕੋਲ ਪੇਸ਼ੀ ਲਈ ਬੂਹੇ ਵੜਿਆ ਤਾਂ ਸੁੰਨ ਮੁੰਨ ਜਿਹਾ ਹੋ ਗਿਆ । ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਕੁੱਝ ਅਜੀਬ ਮਧਮ ਪੀਲੀ ਰੋਸ਼ਨੀ ਜਹੀ ਦਿਸੀ ਤੇ ਝੋਲਾ ਜਿਹਾ ਪਿਆ, ਜਿਵੇਂ ਕਿਸੇ ਸ਼ੀਸ਼ੇ ਪਿੱਛੇ ਪਰਛਾਂਵਾ ਦਿਸਿਆ ਹੋਵੇ ਜਿਵੇਂ ਆਮ ਤਸੱਵਰੀ ਤਸਵੀਰਾਂ ਵਿੱਚ ਵੇਖੀਦਾ ਹੈ, ਪਰਤੱਖ ਪੂਰਨ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਜੀ, ਸੱਜਾ ਗੋਡਾ ਖੜਾ ਕਰਕੇ ਬਿਰਾਜਮਾਨ ਹੋਣ। ਬਸ ਕੋਈ ਅਜਬ ਕਲਾ ਵਰਤੀ ਜੋ ਬਾਹਰ ਭਾਈ ਸਾਹਿਬ ਜੀ ਦੇ ਪਹਿਲੇ ਦਰਸਨਾਂ ਸਮੇਂ ਵਰਤੀ ਸੀ, ਬੈਹਬਲ ਹੋਇਆ ਸਰੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਵੇਂ ਢਹਿ ਪਿਆ ਅਤੇ ਗੁਰੂ ਰੂਪ ਪੰਜਾਂ ਪਿਆਰਿਆਂ ਦਾ ਸਾਵਧਾਨ ਹੋਣ ਲਈ ਹੁਕਮ ਸੁਣਕੇ ਕੰਬਦਾ ਕੰਬਦਾ ਖੜਾ ਹੋ ਗਿਆ। ਉਸ ਵੇਲੇ ਪੰਚਾਂ ਵਿਚੋਂ ਦੋ ਸਿੰਘ ਸਾਹਿਬਾਨ ਸ਼ਿਮਲਾ ਨਿਵਾਸੀ ਭਾਈ ਮੱਖਣ ਸਿੰਘ ਜੀ ਤੇ ਭਾਈ ਹਰਨਾਮ ਸਿੰਘ ਜੀ (ਕੋਮਲ ਜੀ) ਦੀ ਹੀ ਜਾਣ ਪਛਾਣ ਦਾਸ ਨੂੰ ਸੀ । ਬਾਕੀਆਂ ਦੇ ਸ਼ੁਭ ਨਾਮ ਜਹਾਜ਼ੇ, ਚੜ੍ਹਨ ਤੋਂ ਬਾਅਦ ਪਤਾ ਲੱਗੇ। ਸੰਪੂਰਨ ਸੂਚੀ ਨਾਵਾਂ ਦੀ ਇਹ ਹੈ :-
1 ਭਾਈ ਮਲ ਸਿੰਘ ਜੀ (ਜਥੇਦਾਰ)
2 ਭਾਈ ਜਵਾਲਾ ਸਿੰਘ ਜੀ (ਸੰਤ ਜੀ)
3 ਭਾਈ ਆਤਮਾ ਸਿੰਘ ਜੀ (ਪੰਜੋਖਰਾ ਵਾਲੇ)
4 ਭਾਈ ਦਲੀਪ ਸਿੰਘ ਜੀ (ਗਿਆਨੀ ਜੀ) ਫੁਲਾਂਵਾਲ
5 ਭਾਈ ਹਰਨਾਮ ਸਿੰਘ ਜੀ (ਕੋਮਲ ਜੀ)
6 ਭਾਈ ਮਖਣ ਸਿੰਘ ਜੀ (ਸ਼ਿਮਲੇ ਵਾਲੇ)
ਭਾਈ ਦਰਸ਼ਨ ਸਿੰਘ ਜੀ (ਗੜਗੱਜ) ਪਹਿਰੇ ਤੇ ਸਭਤ ਸਨ । ਭਾਈ ਮੇਵਾ ਸਿੰਘ ਆਦਿ ਕੁੱਝ ਸਿੰਘ ਦੇਗ ਅਤੇ ਨਾਮ ਅਭਿਆਸ ਕਰਾਉਣ ਦੀ ਸੇਵਾ ਲਈ ਤੱਤਪਰ ਸਨ । ਕੁੱਝ ਪੁਰਾਤਨ ਸਿੰਘ ਤੇ ਬੀਬੀਆਂ ਭੀ ਸਨ । ਸਭ ਇੰਞ ਦਿਖਾਈ ਦਿੰਦੇ ਸਨ ਜਿਵੇਂ ਕਿਸੇ ਵਿਆਹ ਸ਼ਾਦੀ ਵਿੱਚ ਚਾਅ ਤੇ ਉਮਾਹ ਮਾਣ ਰਹੇ ਹੋਣ।
ਅੰਮ੍ਰਿਤ ਸੰਚਾਰ ਸਮਾਗਮ ਦੀ ਗੁਪਤ ਮਰਯਾਦਾ
ਸ੍ਰੀ ਗੁਰੂ ਸਿੰਘ ਸਭਾ ਦੇ ਹਾਲ ਦੇ ਹੇਠਾਂ ਇੱਕ ਕਮਰੇ ਵਿੱਚ ਇਹ ਸਮਾਗਮ ਹੋ ਰਿਹਾ ਸੀ। ਇਹ ਕਮਰਾ ਸਭ ਪਾਸਿਉਂ ਪੜਦਿਆਂ ਨਾਲ ਕਜਿਆ ਹੋਇਆ ਸੀ। ਕੇਵਲ ਇਕ ਦਰਵਾਜਾ ਖੁਲ੍ਹਾ ਸੀ. ਉਸ ਅੱਗੇ ਭੀ ਪੜਦਾ ਸੀ ਤਾਂ ਜੋ ਜਦੋਂ ਦਰਵਾਜ਼ਾ ਖੁਲ੍ਹੇ ਅੰਦਰੋਂ ਕੋਈ ਚੀਜ਼ ਨਜ਼ਰ ਨਾ ਆਏ। ਕਮਰੇ ਦੇ ਰੌਸ਼ਨਦਾਨਾਂ, ਖਿੜਕੀਆਂ ਅਤੇ ਦਰਵਾਜਿਆਂ ਨੂੰ ਪੜਦੇ ਆਦਿ ਇਸ ਤਰ੍ਹਾਂ ਲਗਾਏ ਗਏ ਸਨ ਜਿਵੇਂ ਕਿ ਇਤਰ ਦੀ ਸ਼ੀਸ਼ੀ ਨੂੰ ਬੰਦ ਕਰੀਦਾ ਹੈ ਕਿ ਮਹਿਕ ਬਾਹਰ ਨਾ ਨਿਕਲੇ। ਅੰਮ੍ਰਿਤ ਸੰਚਾਰ ਦਾ ਇਹ ਮਹਾਂ ਉਤਮ ਸਮਾਗਮ ਸੀ; ਇਸ ਨੂੰ ਗੁਰਮਤਿ ਅਨੁਸਾਰ ਗੁਪਤ ਰਖਣਾ ਹੀ ਦਰਕਾਰ ਹੈ। ਪਰ ਹੁਣ ਉਨ੍ਹਾਂ ਪੰਚਾਂ ਵਿਚੋਂ ਕੋਈ ਇਸ ਸੰਸਾਰ ਵਿਚ ਨਹੀਂ ਹੈ। ਇਸ ਲਈ ਹੁਣ ਅੰਦਰ ਦੀ ਗਲ ਕਰੀਏ, ਪੰਜਾਂ ਪਿਆਰਿਆਂ ਦਾ ਜਲਾਲ ਜੱਥਾ ਝੱਲਿਆ ਨਾ ਜਾਵੇ। ਲਾਲੀਆਂ ਨਾਲ ਦਗਦਗੇ, ਦਬਦਬੇ ਭਰੇ ਦੈਵੀ ਚਿਹਰੇ, ਖਾਲਸਈ ਸੁਰਮਈ ਬਾਣੇ, ਇਕੋ ਜਿਹੇ ਖੰਡਿਆਂ ਸਹਿਤ ਸੁਰਮਈ ਦਸਤਾਰੇ, ਕੇਸਰੀ ਕੇਸਕੀਆਂ ਤੇ ਕੇਸਰੀ ਹੀ ਕਮਰਕਸੇ ਚਿੱਟੇ ਹਜ਼ੂਰੀਏ. ਪ੍ਰਕਾਸ਼ਤ ਗੁਰਮੁਖੀ ਦਾਹੜੇ ਤੇ ਅਨਿਕ ਤਰੰਗੀ ਨਾਮ ਅਭਿਆਸੀ ਉਮੰਗਾ ਰਾਹੀਂ ਜੁੜੇ ਹੋਏ, ਇਕੋ ਜਿਹੀਆਂ ਗਾਤਰੇ ਕ੍ਰਿਪਾਨਾਂ ਤੇ ਵੱਡੀਆਂ ਚਮਕੀਲੀਆਂ ਸਿਰੀ ਸਾਹਿਬਾਂ ਹੱਥਾਂ ਵਿੱਚ, ਉਹ ਸਾਰੇ ਸਰੂਪ ਇਸ ਤਰ੍ਹਾਂ ਜਾਪਦੇ ਸਨ; ਜਿਵੇਂ ਅਰਸ਼ਾਂ ਤੋਂ ਉਤਰੇ ਦੇਵਤੇ ਹੋਣ। ਜਥੇਦਾਰ ਬਾਬੂ ਮਲ ਸਿੰਘ ਜੀ ਸੱਚੇ ਪਾਤਸ਼ਾਹ ਦੀ ਤਾਬੇ ਸਜੇ ਹੋਏ ਸਨ । ਦਾਸਰੇ ਦੀ ਪੇਸ਼ੀ ਹੋਈ, ਕੁਝ ਇਸ ਤਰ੍ਹਾਂ ਦੇ ਬਚਨ-ਬਿਲਾਸ ਹੋਏ।
ਜਥੇਦਾਰ ਜੀ- ਕਿਉਂ ਭਾਈ ! ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਕਿਸ ਲਈ ਆਏ ਹੋ? ਕੀ ਕੋਈ ਭੁਲ ਹੋਈ ਹੈ ?
ਦਾਸਰਾ- (ਜੇ ਅੱਗੇ ਹੀ, ਭਾਈ ਸਾਹਿਬ ਜੀ ਦੀਆਂ ਜਾਦੂ ਭਰੀਆਂ ਅੱਖਾਂ ਨਾਲ ਅੱਧਮੋਇਆ ਹੈ ਚੁੱਕਾ ਸੀ ਤੇ ਪਹਿਲੇ ਦਰਸ਼ਨਾਂ ਦੀ ਝਾਕੀ ਹੀ ਅੱਖਾਂ ਅੱਗੇ ਮੁੜ ਮੁੜ ਆਈ ਜਾਂਦੀ ਸੀ, ਹਟਾਇਆਂ ਹਟਦੀ ਨਹੀਂ ਸੀ, ਸਰੀਰ ਜਿਵੇਂ ਨੀਦ ਦੀ ਮਮੂਲੀ ਮਸਤੀ ਹੁੰਦੀ ਹੈ, ਪਰ ਹਲਕਾ ਫੁਲਕਾ ਮਹਿਸੂਸ ਕਰਦਾ ਸੀ । ਸੱਚੇ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਤਖ਼ਤ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਵਰਗੇ ਪ੍ਰਤੀਤ ਹੋਏ) ਕੁੱਝ ਉਤਰ ਨਾ ਔਹੜਿਆ।
ਤਾਂ ਜਥੇਦਾਰ ਜੀ ਫਿਰ ਬੋਲੇ- 'ਕੀ ਅੰਮ੍ਰਿਤਪਾਨ ਕਰਨ ਆਏ ਹੋ ?'
ਦਾਸਰਾ- ਹਾਂ ਜੀ, ਸੱਚੇ ਪਾਤਸ਼ਾਹ!
ਜ. ਜੀ-ਪਹਿਲਾਂ ਕਿੱਥੋਂ ਅੰਮ੍ਰਿਤ ਛਕਿਆ ਸੀ ? ਕੀ ਭੁਲ ਹੋਈ ਹੈ ? ਕੋਈ ਕੁਰਹਿਤ ਹੋ ਗਈ ?
ਦਾਸਰਾ- (ਅੱਧਰੋਂਦੀ ਆਵਾਜ਼ ਵਿੱਚ) ਸੱਚੇ ਪਾਤਸ਼ਾਹ ਜੀ । ਅਜੇ ਤਾਂਈ ਨਹੀਂ ਛਕਿਆ। ਬੜਾ ਪਾਪੀ ਹਾਂ। ਅਜੇ ਤਾਂਈ ਖੇਡਾਂ ਵਿੱਚ ਹੀ ਮਸਤ ਰਿਹਾ। ਹੁਣ ਕ੍ਰਿਪਾ ਕਰਕੇ ਛਕਾ ਦਿਓ।
(ਬੀਰ ਰਸੀ ਆਵਾਜ਼ ਦੇ ਚਮਕੀਲੇ ਨੇਤਾ ਨਾਲ ਵਿੰਨ੍ਹਦੇ ਹੋਏ, ਬੜੀ ਗੱਜਵੀਂ ਆਵਾਜ਼ ਵਿੱਚ ਪੰਜ ਪਿਆਰੇ ਫੁਰਮਾਣ ਲੱਗੇ :-
"ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰ ਦੀਜੈ ਕਾਣਿ ਨ ਕੀਜੈ ॥" (੧੪੧੨)
"ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (੧੧੦੨)
ਕੇਵਲ ਜਥੇਦਾਰ ਜੀ - ਅੰਮ੍ਰਿਤ ਛਕਣਾ ਹੈ, ਤਾਂ ਸੱਚੇ ਪਾਤਸ਼ਾਹ ਅੱਗੇ ਸੀਸ ਭੇਟ ਕਰਨਾ ਪਏਗਾ। ਕੀ ਤੂੰ, ਪੰਥ ਖਾਤਰ ਲੋੜ ਪਵੇ ਤਾਂ ਸੀਸ ਗੁਰੂ ਕਾ ਸਮਝ ਕੇ ਖਾਲਸਾ ਪੰਥ ਨੂੰ ਅਰਪਣ ਕਰ ਦੇਵੇਂਗਾ? ਰਹਿਤ ਵਿੱਚ ਤਿਆਰ ਬਰ ਤਿਆਰ ਰਹੇਗਾ? ਸੀਸ ਗੁਰੂ ਕਾ ਸਮਝੇਗਾ ? ਕੀ ਤੇਰਾ ਸੀਸ ਕੱਟ ਕੇ ਗੁਰੂ ਸਾਹਿਬ ਨੂੰ ਭੇਟ ਕਰ ਦੇਈਏ?
ਦਾਸਰਾ - (ਦਾਸਰੇ ਨੂੰ ਇੰਞ ਭਾਸਿਆ ਜਿਵੇਂ ਸੱਚੀ ਹੀ ਮੇਰਾ ਸਿਰ ਕੱਟ ਦੇਣਗੇ) ਸੱਚੇ ਪਾਤਸ਼ਾਹ ਜੀ ! ਆਪ ਸਹਾਈ ਹੋਵੇ, ਦਾਸ ਆਪ ਜੀ ਦੇ ਹੁਕਮ ਅੰਦਰ ਹੈ ਜੀ ।
ਜ: ਜੀ - ਕੀ ਤੇਰੀ ਸ਼ਾਦੀ ਹੋਈ ਹੋਈ ਹੈ ?
ਦਾਸਰਾ- ਹਾਂ ਜੀ !
ਜ: ਜੀ - ਤੇਰੇ ਘਰ ਵਾਲੀ ਕਿੱਥੇ ਹੈ ?
ਦਾਸਰਾ - ਬਾਹਰ ਹਾਜਰ ਹੈ ਜੀ !
ਜ: ਜੀ - ਬੁਲਾਉ।
(ਪਹਿਰੇਦਾਰ ਸਿੰਘ ਨੇ ਉਸਨੂੰ ਬੁਲਾਕੇ ਪੇਸ਼ ਕੀਤਾ ਤੇ ਉਸ ਕੋਲੋ ਭੀ ਦਾਸਰੇ ਵਾਂਗ ਹੀ ਪੁਛਿਆ ਤੇ ਕੇਸਕੀ ਲਈ ਪੱਕਾ ਕਰਕੇ ਦੋਹਾਂ ਤੋਂ ਪਰਣ ਲਿਆ 'ਸੱਚੇ ਪਾਤਸ਼ਾਹ ਜੀ! ਮੇਰਾ ਸੀਸ ਆਪ ਦੀ ਭੇਟ ਹੈ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ'। ਸਤਿਗੁਰੂ ਅੱਗੇ ਮੱਥਾ ਟਿਕਵਾ ਕੇ ਦੋਹਾਂ ਨੂੰ ਰਹਿਤ ਮਰਯਾਦਾ ਇਸ ਪ੍ਰਕਾਰ ਸਮਝਾਉਂਦਿਆਂ ਇਉਂ ਜਿਹੇ ਬਚਨ ਕੀਤੇ :-
ਜ: ਜੀ - "ਧਿਆਨ ਨਾਲ ਸੁਣੋ :-
৭ ਸਿਰ ਦੀ ਚੋਟੀ ਤੋਂ ਪੈਰਾਂ ਦੇ ਅੰਗੂਠੇ ਤਾਈਂ ਜੇ ਸਰੀਰ ਤੇ ਰੋਮ ਹਨ, ਇਹ ਕੇਸ ਹਨ। ਇਨ੍ਹਾਂ 'ਚੋਂ ਇਕ ਭੀ ਰੋਮ, ਜਾਣ ਬੁਝਕੇ ਕਿਸੇ ਭੀ ਤਰੀਕੇ ਨਾਲ ਸਰੀਰ ਨਾਲੋਂ ਜੁਦਾ ਨਹੀਂ ਕਰਨਾ। ਚਾਰ ਕੁਰਹਿਤਾਂ ਵਿੱਚੋਂ ਇਹ ਪਹਿਲੀ ਬੱਜਰ ਕੁਰਹਿਤ ਹੈ। ਇਹ ਬੱਜਰ ਕੁਰਹਿਤ ਕਰਨ ਵਾਲਾ ਸਿੱਖ ਸਿਖੀ ਤੋਂ ਖਾਰਜ ਹੋ ਜਾਂਦਾ ਹੈ । ਉਹ ਪਤਿਤ ਹੋ ਜਾਂਦਾ ਹੈ। ਉਹ ਸਿੱਖ ਹੀ ਨਹੀਂ ਰਹਿੰਦਾ।
२ ਤੇਰੇ ਲਈ (ਦਾਸ) ਨੂੰ ਆਪਣੀ ਤਿਆਰ-ਬਰ-ਤਿਆਰ ਸਿੰਘਣੀ ਤੋਂ ਛੁਟ, ਹੋਰ ਸਭ ਇਸਤਰੀਆਂ ਵੱਡੀਆਂ ਮਾਤਾਵਾਂ ਸਮਾਨ, ਬਰਾਬਰ ਦੀਆਂ ਭੈਣਾਂ ਸਮਾਨ, ਅਤੇ ਛੋਟੀਆਂ ਧੀਆਂ ਸਮਾਨ ਹਨ। (ਧਰਮ-ਪਤਨੀ ਨੂੰ ਮੁਖਾਤਬ ਹੋ ਕੇ) ਅਤੇ ਬੀਬੀ ਤੇਰੇ ਲਈ ਆਪਣੇ ਪਤੀ ਤੋਂ ਸਿਵਾ- ਸੰਸਾਰ ਦਾ ਹਰ ਵੱਡਾ ਪੁਰਸ, ਪਿਤਾ ਸਮਾਨ, ਬਰਾਬਰ ਦਾ ਭਰਾ ਸਮਾਨ, ਤੇ ਛੋਟਾ ਬੇਟੇ ਸਮਾਨ ਹੈ। ਪਰ-ਇਸਤ੍ਰੀ ਜਾਂ ਪਰ-ਪੁਰਸ ਗਾਮੀ ਪ੍ਰਾਣੀ ਮਹਾਂ ਪਤਿਤ ਹੈ। ਇਹ ਦੂਜੀ ਬੱਜਰ ਕੁਰਹਿਤ ਹੈ।
३ ਕਿਸੇ ਕਿਸਮ ਦੇ ਮੀਟ, ਅੰਡੇ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ। ਹੋਰ ਸਭ ਨਸ਼ੇ ਵੀ ਵਰਜਿਤ ਹਨ । ਪਰ ਇਨ੍ਹਾਂ ਤਿੰਨਾ ਚੀਜ਼ਾਂ ਦਾ ਕਿਸੇ ਭੀ ਸ਼ਕਲ ਵਿੱਚ ਸੇਵਨ ਕਰਨਾ, ਤੀਸਰੀ ਬੱਜਰ ਕੁਰਹਿਤ ਹੈ। ਇਸ ਬੱਜਰ ਕੁਰਹਿਤ ਕਾਰਨ ਭੀ ਸਿਖ ਪਤਿਤ ਗਰਦਾਨਿਆ ਜਾਂਦਾ ਹੈ ।
੪ ਤਮਾਕੂ, ਸਿਗਰੇਟ, ਬੀੜੀ, ਪਾਨ ਆਦਿ ਚੀਜ਼ਾਂ ਦਾ ਇਸਤਿਮਾਲ ਤਾਂ ਕੀ ਇਨ੍ਹਾਂ ਨੂੰ ਹੱਥ ਨਾਲ ਛੂਹਣਾ ਤਕ ਨਹੀਂ ਹੈ। ਇਨ੍ਹਾਂ ਚੀਜ਼ਾਂ ਦੇ ਸੇਵਨ ਕਰ ਰਹੇ ਵਿਅਕਤੀ ਦੇ ਨਜ਼ਦੀਕ ਨਹੀਂ ਫਟਕਣਾ। ਤਮਾਕੂ ਆਦਿ ਦੇ ਧੂੰਏਂ ਤੋਂ ਵਾਹ ਲਗਦੀ ਹਰ ਤਰ੍ਹਾਂ ਬਚਣਾ ਹੈ। ਇਹ ਚੌਥੀ ਬੱਜਰ ਕੁਰਹਿਤ ਹੈ। ਇਨ੍ਹਾਂ ਦੀ ਵਰਤੋਂ ਕਰਨ ਵਾਲਾ ਭੀ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ।
ਇਹ ਚਾਰੇ ਮਹਾਂ ਪਾਪ ਕਰਮ ਹਨ। ਇਨ੍ਹਾਂ ਵਿਚੋਂ ਕਿਸੇ ਇਕ ਦੇ ਕਰਨ ਨਾਲ ਭੀ ਪਤਿਤ ਗਰਦਾਨੇ ਜਾਉਗੇ। ਇੱਕ ਵੇਰੀ ਫੇਰ ਸੁਣ ਲਵੋ । (ਉਪ੍ਰੰਤ ਇਕ ਵਾਰੀ ਉਪਰ ਲਿਖਤ ਬੱਜਰ ਕੁਰਹਿਤਾਂ ਦੁਹਰਾਈਆਂ ਗਈਆਂ ।)
ਜ: ਜੀ - ਹੁਣ ਸੁਣੋ ਪੰਜ ਕਕਾਰੀ ਰਹਿਤ। ਕਕਾਰਾਂ ਵਲੋਂ ਢਿੱਲ ਕਰਨ ਵਾਲਾ ਸਿੱਖੀ ਤੋਂ ਖਾਰਜ ਭਾਵੇਂ ਨਹੀਂ ਹੁੰਦਾ, ਪਰ ਤਨਖਾਹੀਆ ਜ਼ਰੂਰ ਗਰਦਾਨਿਆ ਜਾਂਦਾ ਹੈ । ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਭੁੱਲ ਬਖਸਾਉਣੀ ਪੈਂਦੀ ਹੈ। ਤਨਖਾਹ ਲਗਵਾ ਕੇ ਅਤੇ ਉਸਨੂੰ ਨਿਭਾ ਕੇ ਤਨਖਾਹੀਆ ਬਖਸ਼ਿਆ ਜਾਦਾ ਹੈ। ਤਨਖਾਹ, ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਤਨਖਾਹੀਏ ਨੂੰ ਡੰਨ ਦੇ ਰੂਪ ਵਿੱਚ ਲਾਉਂਦੇ ਹਨ। ਜਿਸ ਤਰ੍ਹਾਂ ਦੀ ਢਿੱਲ ਜਾਂ ਭੁਲ ਹੋਵੇ. ਉਸਦੇ ਮੁਤਾਬਿਕ ਤਨਖਾਹ ਲਗਦੀ ਹੈ। ਜਿਵੇਂ ਨਿਤਨੇਮ ਤੋਂ ਇਲਾਵਾ ਗੁਰਬਾਣੀ ਦੇ ਪਾਠ ਕਰਨਾ। ਅੰਮ੍ਰਿਤ ਵੇਲੇ ਉਠਣਾ, ਗੁਰਦਵਾਰਾ ਸਾਹਿਬ ਝਾੜੂ ਦੀ ਸੇਵਾ, ਸੰਗਤ ਦੇ ਜੂਠੇ ਭਾਂਡੇ ਮਾਂਜਣ ਦੀ ਸੇਵਾ, ਜੋੜੇ ਝਾੜਣ ਦੀ ਸੇਵਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਵਿੱਚ ਤੜਕੇ ਦੇ ਬਜੇ ਇਸ਼ਨਾਨ ਕਰਨਾ, ਇਤਿ ਆਦਿ । ਜੋ ਭੀ ਤਨਖਾਹ ਲੱਗੇ. ਉਸਨੂੰ ਦ੍ਰਿੜ ਚਿਤ ਹੋ ਕੇ, ਜਿਤਨੇ ਸਮੇਂ ਲਈ ਲੱਗੇ ਉਤਨੇ ਸਮੇਂ ਲਈ ਨਿਭਾਉਣਾ ਜ਼ਰੂਰੀ ਹੈ । ਜੇਕਰ ਕਿਸੇ ਵਜ੍ਹਾ ਕਰਕੇ ਕੋਈ ਨਾਗਾ ਪੈ ਜਾਵੇਤਾਂ ਫੇਰ ਮੁੱਢੋਂ ਸ਼ੁਰੂ ਕਰਕੇ ਬਿਨਾ ਨਾਗਾ ਤਨਖਾਹ ਨੂੰ ਪੂਰਾ ਕਰਨ ਉਪਰੰਤ ਅਰਦਾਸ ਕਰਨੀ ਬਣਦੀ ਹੈ। ਅਰਦਾਸ ਕਰਨ ਤੋਂ ਬਾਅਦ ਤਨਖਾਹੀਆ ਸੁਰਖਰੂ ਹੋ ਜਾਂਦਾ। ਹੈ। ਇਸ ਤੋਂ ਪਹਿਲਾਂ ਉਹ ਤਨਖਾਹੀਆ ਸੁਰਖਰੂ ਨਹੀਂ ਹੁੰਦਾ।
ਪੰਜ ਕਕਾਰ ਇਹ ਹਨ :-
৭ ਕ੍ਰਿਪਾਨ - ਸਰਬ ਲੋਹ ਦੀ ਕ੍ਰਿਪਾਨ ਨੂੰ ਮਿਆਨ ਵਿੱਚ ਰੱਖਦੇ ਹੋਏ ਗਾਤਰੇ ਵਿੱਚ ਪਹਿਣਨਾ ਹੈ। ਇਸ ਨੂੰ ਸਰੀਰ ਨਾਲੋਂ ਜੁਦਾ ਨਹੀਂ ਕਰਨਾ।
२ ਕੇਸਕੀ ਅਥਵਾ ਛੋਟੀ ਦਸਤਾਰ - ਕੇਸਾਂ ਨੂੰ ਢੱਕਣ ਲਈ, ਬੀਬੀਆਂ ਅਤੇ ਸਿੰਘਾਂ ਸਭਲਈ ਜ਼ਰੂਰੀ ਹੈ। ਇਹ ਸਰੀਰ ਤੋਂ ਕਦੀ ਜੁਦਾ ਨਹੀਂ ਕਰਨੀ ।
३ ਕੰਘਾ- ਕੇਸਾਂ ਦੀ ਸਫਾਈ ਲਈ, ਸਵੇਰੇ ਸ਼ਾਮ ਕੇਸਾਂ ਨੂੰ ਕੰਘਾ ਕਰਨਾ ਭੀ ਲਾਜ਼ਮੀ ਹੈ। ਇਹ ਕੇਸਾਂ ਨੂੰ ਸਾਫ ਕਰਕੇ ਕੇਸਾਂ ਵਿੱਚ ਸਜਾਈ ਰਖਣਾ ਹੈ । ਇਹ ਭੀ ਸਰੀਰ ਨਾਲੋਂ ਜੁਦਾ ਨਹੀਂ ਹੋਣ ਦੇਣਾ।
੪ ਕੜਾ - ਇਹ ਭੀ ਸਰਬ ਲੋਹ ਦਾ ਹੋਣਾ ਜ਼ਰੂਰੀ ਹੈ। ਸੋਨੇ ਚਾਂਦੀ ਆਦਿ ਹੋਰ ਕਿਸੇ ਧਾਤ ਦਾ ਕੜਾ ਪਰਵਾਨ ਨਹੀਂ ਹੈ। ਇਹ ਭੀ ਸੱਜੇ ਗੁੱਟ ਤੋਂ ਨਹੀਂ ਲਾਹੁਣਾ।
ਕੱਛ - ਇਹ ਪੰਜਵਾਂ ਕਕਾਰ ਹੈ। ਇਸ ਕਕਾਰ ਦਾ ਭੀ ਸਰੀਰ ਤੋਂ ਕਦੇ ਤਿਆਗ ਨਹੀਂ ਕਰਨਾ। ਇਸ਼ਨਾਨ ਕਰਕੇ ਗਿੱਲਾ ਕਛਹਿਰਾ ਯਕਦਮ ਨਹੀਂ ਲਾਹੁਣਾ। ਕਛਹਿਰਾ ਬਦਲਣ ਵੇਲੇ ਇਕ ਪੋਚਾ ਉਤਾਰਕੇ ਦੂਜਾ ਪਾਸਾ ਲਾਹੁਣਾ ਹੈ। ਇਸ ਤਰ੍ਹਾਂ ਰਹਿਤਵਾਨ ਰਹਿ ਸਕੀਦਾ ਹੈ। ਕਿਸੇ ਵੀ ਕਕਾਰ ਤੋਂ ਵਿਰਵੇ ਹੋਣਾ ਕੁਰਹਿਤ ਹੈ ਅਤੇ ਕੁਰਹਿਤ ਕਰਨ ਵਾਲਾ ਤਨਖਾਹੀਆ ਗਰਦਾਨਿਆ ਜਾਂਦਾ ਹੈ। ਕਛਹਿਰਾ ਰੰਗਦਾਰ ਕਪੜੇ ਦਾ ਨਹੀਂ ਹੋਣਾ ਚਾਹੀਦਾ।
ਧਰਮ ਦੀ ਕ੍ਰਿਤ, ਦਸਾਂ ਨੋਹਾਂ ਦੀ ਕਮਾਈ ਕਰਨੀ ਹੈ। ਦਸਵੰਧ ਅਥਵਾ ਕਮਾਈ ਦਾ ਦਸਵਾਂ ਹਿੱਸਾ ਗੁਰੂ ਦੇ ਲੇਖੇ ਲਾਉਣਾ ਹੈ। ਇਸੇ ਤਰ੍ਹਾਂ ੨੪ ਘੰਟੇ ਦਾ ਘਟੇ ਘਟ ਦਸਵਾਂ ਭਾਗ ਅੰਮ੍ਰਿਤ ਵੇਲੇ ਦਸਵੰਧ ਦੀ ਤਰ੍ਹਾਂ ਨਾਮ ਕਮਾਈ ਤੇ ਨਿਤਨੇਮ ਲਈ ਜਰੂਰ ਕਢਣਾ ਹੈ । ਇਹ ਘਟ ਤੋਂ ਘਟ ਹੈ। ਬਾਕੀ ਅੱਠੇ ਪਹਿਰ ਹੀ ਨਾਮ ਬਾਣੀ ਦੀ ਕਮਾਈ ਦਾ ਨਿਸ਼ਾਨਾ ਅੰਤਰ ਆਤਮੇ ਰਖਣਾ ਹੈ।
(ਹੁਣ ਜਿਨ੍ਹਾਂ ਨੇ ਪਹਿਲੀ ਵਾਰ ਅੰਮ੍ਰਿਤ ਪਾਨ ਕਰਨਾ ਸੀ, ਉਨ੍ਹਾਂ ਤੋਂ ਕੱਲੇ ਕੱਲੇ ਤੋਂ ਇਹ ਪ੍ਰਣ ਲਿਆ ਗਿਆ -- "ਸੱਚੇ ਪਾਤਸ਼ਾਹ ਜੀ. ਮੈਂ ਆਪਣਾ ਸੀਸ ਆਪਦੇ ਭੇਟ ਕਰਦਾ ਹਾਂ। ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ।) ਜੇ ਤੁਹਾਨੂੰ ਇਹ ਸ਼ਰਤਾਂ ਤੇ ਰਹਿਤਾਂ ਮਨਜ਼ੂਰ ਹਨ ਤਾਂ ਟੇਕੋ ਮੱਥਾ, ਅੰਮ੍ਰਿਤ ਮਿਲੇਗਾ। ਬਾਹਰ ਬੈਠੇ । ਬਾਣੀ ਪੜ੍ਹੋ। ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਤੁਹਾਨੂੰ ਅੰਦਰ ਬੁਲਾਵਾਂਗੇ। ਹੁਕਮ ਮੰਨ ਕੇ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਅਤੇ ਬਾਣੀ ਪੜ੍ਹਦੇ ਸੁਣਦੇ ਰਹੇ।
ਰਾਤ ਦੇ ਬਾਰਾਂ ਕੁ ਵਜੇ ਪੇਸ਼ੀਆਂ ਸੰਪੂਰਨ ਹੋਈਆਂ। ਸਭ ਨੂੰ ਅੰਦਰ ਆਉਣ ਲਈ ਹੁਕਮ ਆ ਗਿਆ। ਪਹਿਰੇਦਾਰ ਸਿੰਘ ਨੇ ਫੇਰ ਕਿਹਾ ਕਿ ਆਪਣੇ ਆਪਣੇ ਕਕਾਰਾਂ ਦੀ ਪੜਤਾਲ ਕਰ ਲਵੋ। ਜੇਕਰ ਕਿਸੇ ਨੇ ਮਦਾਨ ਅਥਵਾ ਜੰਗਲ ਪਾਣੀ ਜਾਕੇ ਸਕੇਸ਼ ਇਸ਼ਨਾਨ ਨਾ ਕੀਤਾ ਹੋਵੇ ਤਾਂ ਕਰ ਲਵੇ। ਬਿਨਾਂ ਸਕੇਸ਼ ਇਸ਼ਨਾਨ ਕੀਤੇ ਕੋਈ ਅੰਦਰ ਨਾ ਜਾਵੇ, ਕੋਈ ਗਹਿਣਾ, ਛਾਪ ਆਦਿ ਕਿਸੇ ਦੇ ਸਰੀਰ ਤੇ ਨਾ ਹੋਵੇ।
ਅੰਮ੍ਰਿਤ ਦਾ ਬਾਟਾ
ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਅਰਦਾਸਾ ਸੋਧਿਆ। ਸਰਬ ਲੋਹ ਦਾ ਬਾਟਾ, ਖੰਡਾ, ਜਲ, ਪਤਾਸੇ ਆਦਿ ਸਭ ਉਥੇ ਹੀ ਰਖੇ ਹੋਏ ਸਨ। ਇਕ ਕੰਬਲ ਸੱਚੇ ਪਾਤਸ਼ਾਹ ਦੇ ਮੂਹਰੇ ਵਿਛਾਇਆ ਗਿਆ। ਇਕ ਸਾਫ ਸੁਨਹਿਰੇ (ਦਰੀ) ਉਪਰ ਸਰਬ ਲੋਹ ਦਾ ਵੱਡਾ ਬਾਟਾ ਟਿਕਾਇਆ ਗਿਆ । ਤਾਬੇ ਹੇਰ ਸਿੰਘ ਬੈਠ ਗਿਆ ਅਤੇ ਜਥੇਦਾਰ ਜੀ ਪੰਚਾਂ ਵਿੱਚ ਆ ਗਏ। ਸਭ ਬੀਰਆਸਣ ਵਿੱਚ ਅੱਧਘੇਰਾ ਬਣਾ ਕੇ ਸੱਚੇ ਪਾਤਸ਼ਾਹ ਦੇ ਸਨਮੁਖ ਸੱਜ ਗਏ। ਪੰਜਾਂ ਨੇ ਰਲਕੇ ਬਾਟੇ ਵਿੱਚ ਜਲ ਪਾਇਆ ਫੇਰ ਪਤਾਸੇ ਪਾਏ। ਫੇਰ ਬਾਰੀ ਬਾਰੀ ਜਪੁ, ਜਾਪੁ, ਸੁਧਾ ਸਵਯੇ, ਚੌਪਈ ਤੇ ਪੂਰੇ ਅਨੰਦ ਸਾਹਿਬ ਦਾ ਪਾਠ ਕੀਤਾ ਗਿਆ। ਪਾਠ ਕਰਦਿਆਂ ਹਰ ਇਕ ਸਿੰਘ ਸੱਜੇ ਹੱਥ ਨਾਲ ਤਾਂ ਖੰਡਾ ਬਾਟੇ ਦੇ ਇਕ ਤੋਂ ਦੂਜੇ ਕਿਨਾਰੇ ਤਾਂਈ ਫੇਰਦਾ ਰਿਹਾ ਅਤੇ ਉਸਨੇ ਖੱਬੇ ਹਥ ਨਾਲ ਬਾਟਾ ਥੰਮੀ ਰਖਿਆ। ਬਾਕੀ ਦੇ ਸਿੰਘਾਂ ਨੇ ਦੋਹਾਂ ਹੱਥਾਂ ਵਿੱਚ ਬਾਟਾ ਥੰਮੀ ਰਖਿਆ। ਸਭ ਨੇ ਆਪਣੀ ਦ੍ਰਿਸ਼ਟੀ ਅੰਮ੍ਰਿਤ ਬਾਟੇ ਵਿੱਚ ਟਿਕਾਈ ਰੱਖੀ। ਪੰਜਾਂ ਬਾਣੀਆ ਦੇ ਪਾਠ ਸੰਪੂਰਣ ਹੋਏ । ਪੰਜ ਹੀ ਬਾਟਾ ਇਕਠੇ ਉਠਾਕੇ ਉਠ ਖਲੋਤੇ ਤੇ ਖੰਡਾ ਫੇਰਦੇ ਫੇਰਦੇ ਹੀ ਜਥੇਦਾਰ ਜੀ ਨੇ ਅਰਦਾਸਾ ਸੋਧਿਆ। ਅੰਮ੍ਰਿਤ ਵਰਤਾਉਣ ਲਈ ਤਾਬੇ ਬੈਠੇ ਸਿੰਘ ਜੀ ਤੋਂ ਗੁਰੂ ਦੀ ਆਗਿਆ ਮੰਗੀ। ਫੇਰ ਪੰਜ ਪਿਆਰੇ ਬੀਰ ਆਸਣ ਬੈਠ ਕੇ ਅੰਮ੍ਰਿਤ ਵਰਤਾਉਣ ਲੱਗ ਪਏ। ਕੁਝ ਅੱਠ ਦਸ ਵਿਅਕਤੀ ਅੰਮ੍ਰਿਤ ਛਕਣ ਵਾਲੇ ਸਨ । ਮੇਰੀ ਵਾਰੀ ਦੂਜੇ ਤੀਜੇ ਨੰਬਰ ਤੇ ਆ ਗਈ।
ਅਸਚਰਜ ਕੌਤਕ
ਇਹ ਇਕ ਨਾ-ਭੁਲਣ ਵਾਲਾ ਹੀ ਕੌਤਕ ਸੀ ਜੋ ਪਹਿਲਾਂ ਸੋਧ ਸੁਧਾਈ ਦੀ ਪੇਸ਼ੀ ਵੇਲੇ ਵਰਤਿਆ। ਦਾਸਰੇ ਦੀ ਹਾਲਤ ਤਾਂ ਉਸ ਸੁਨਹਿਰੀ ਸ਼ਖਸ਼ੀਅਤ ਦੇ ਜੋ ਦਿਨੇ ਪਹਿਲੇ ਦਰਸ਼ਨ ਹੋਏ, ਉਦੋਂ ਤੋਂ ਹੀ ਅਸਚਰਜਤਾ ਭਰੀ ਸੀ । ਮੈਸਮਰੇਜ਼ੀ, ਜਾਂ ਮਿਕਨਾਤੀਸੀ ਸ਼ਕਤੀ ਕੰਮ ਕਰ ਰਹੀ ਸੀ। ਕੁੱਝ ਕਹਿਣ ਤੋਂ ਬਾਹਰ ਦੀ ਬਾਤ ਸੀ । ਦਾਸਰੇ ਨੂੰ ਸੁਰਤ ਭੀ ਸੀ, ਪਰ ਨਹੀਂ ਭੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਮੱਥਾ ਟੇਕਣ ਤੋਂ ਪਹਿਲਾਂ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਤੇ ਪ੍ਰਤਖ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਰਗੇ ਚਮਤਕਾਰੀ ਚਮਕਦੇ ਚਾਨਣੇ ਵਿੱਚ ਦਰਸਨ ਹੋਏ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਿਸੇ ਸ਼ੀਸ਼ੇ ਪਿੱਛੇ ਦਸਮ ਪਾਤਸ਼ਾਹ ਜੀ ਬੀਰ ਆਸਣ ਜਮਾਈ ਬੈਠੇ ਹਨ । ਕਈ ਵਾਰੀ ਹੀ ਇਹ ਘਟਨਾ ਵਾਪਰੀ ਪਰ ਖਿਨ ਮਾਤਰ ਜਾਂ ਇਸ ਤੋਂ ਭੀ ਘਟ ਸਮੇਂ ਲਈ। ਮੱਥਾ ਟੇਕ ਕੇ ਅੰਮ੍ਰਿਤ ਦੇ ਚੁਲੇ ਛਕਦਾ ਗਿਆ ਤੇ ਇਕ ਅਨੋਖਾ ਹੀ ਖੇਲ ਵਰਤਦਾ ਗਿਆ। ਫਿਰ ਸੀਸ ਵਿੱਚ ਚਲੇ ਚੋਏ ਗਏ, ਉਪ੍ਰੰਤ ਨੇਤ੍ਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਗਏ ਜਥੇਦਾਰ ਜੀ ਨੇ ਵਿਧੀ ਪੂਰਬਕ ਗੁਰਮੰਤਰ ਦਿੱਤਾ ਉਸ ਸਮੇਂ ਅਚਾਨਕ ਅਦਬ ਵਿੱਚ ਹੱਥ ਜੁੜ ਗਏ ਤੇ ਮਹਾਰਾਜ ਦਾ ਪ੍ਰਕਾਸ਼ ਤੇ ਦਸਮ ਪਾਤਸ਼ਾਹ ਦੀ ਮੂਰਤ ਮੂਹਰੇ ਵੇਖਣ ਸਾਰ ਅੱਖਾਂ ਮਿਚ ਗਈਆਂ ਤੇ ਮੱਥਾ ਗੁਰ ਚਰਨਾਂ ਤੇ ਟਿਕ ਗਿਆ । ਜਥੇਦਾਰ ਜੀ ਨੇ ਸਾਵਧਾਨ ਹੋਣ ਲਈ ਥਾਪੜਾ ਦਿੱਤਾ ਤਾਂ ਪਕੜ ਕੇ ਕਿਸੇ ਸਿੰਘ ਨੇ ਉਠਾਲਿਆ। ਅਖੰਡਾਕਾਰ ਅਭਿਆਸ ਜਾਰੀ ਹੋ ਗਿਆ ਸੀ । ਥੋੜੇ ਹੀ ਸਮੇਂ ਅੰਦਰ ਸਭਨਾ ਨੇ ਅੰਮ੍ਰਿਤ ਪ੍ਰਾਪਤ ਕਰ ਲਿਆ ।
ਪੰਚਾਂ ਦਾ ਰੈਣ ਸਬਾਈ ਕੀਤਰਨ ਵਿਚ ਗੁਪਤ ਆਗਮਨ
ਰਾਤ ਦੇ ਇਕ ਦੇ ਵਜੇ ਦੇ ਦਰਮਿਆਨ ਦਾ ਸਮਾਂ ਸੀ। ਉਪਰ ਹਾਲ ਵਿਚ ਰੈਣ ਸਬਾਈ ਕੀਰਤਨ ਹੋ ਰਹੇ ਸਨ। ਦਾਸਰੇ ਨੂੰ ਇਤਨਾਂ ਚੰਗੀ ਤਰ੍ਹਾਂ ਯਾਦ ਹੈ ਕਿ ਪੰਜ ਪਿਆਰੇ ਸਾਡੇ ਨਾਲ ਵਰਦੀਆਂ ਵਿੱਚ ਨਹੀਂ ਸਨ ਆਏ। ਅਤੇ ਵਰਦੀਆਂ ਉਤਾਰ ਕੇ ਆਉਣੇ ਦਾ ਭੀ ਪੱਕਾ ਯਾਦ ਨਹੀਂ ਕਿ ਸਾਡੇ ਨਾਲ ਆਏ ਜਾਂ ਪਿੱਛੋਂ ਆਏ । ਅੰਮ੍ਰਿਤ ਸੰਚਾਰ ਸਮਾਗਮ ਦੀ ਦੇਗ ਵਰਤਣ ਤੋਂ ਬਾਅਦ ਉਹ ਉਸੇ ਕਮਰੇ ਵਿੱਚ ਵਰਦੀਆਂ ਉਤਾਰ ਰਹੇ ਸਨ । ਇਤਨਾ ਤਾਂ ਪੱਕਾ ਪੱਥਰ ਦੀ ਲੀਕ ਵਾਂਗ ਯਾਦ ਹੈ। ਆਮ ਸੰਗਤਾਂ ਵਾਂਗ ਮੱਥਾ ਟੇਕ ਕੇ ਅੱਗੇ ਪਿਛੇ ਬੈਠ ਗਏ ਹੋਣਗੇ। ਦਾਸਰੇ ਪੁਰ ਉਸ ਸਮੇਂ ਇਕ ਅਸਚਰਜਤਾ ਭਰੀ ਮਸਤੀ ਜਹੀ ਛਾਈ ਹੋਈ ਸੀ। ਜਦੋਂ ਪੂਰੀ ਸਾਵਧਾਨੀ
ਹੋਈ ਤਾਂ ਐਨ ਭਾਈ ਸਾਹਿਬ ਜੀ ਦੇ ਪਿੱਛੇ ਜਗਾ ਮਿਲੀ ਹੋਈ ਸੀ । ਗੁਰੂ ਦੀਆਂ ਗੁਰੂ ਜਾਣੇ ਇਹ ਕਿਸ ਤਰ੍ਹਾਂ ਪ੍ਰਾਪਤ ਹੋਈ। ਉਨ੍ਹਾਂ ਦੇ ਸੀਸ ਸਜਾਏ ਚੱਕਰ ਨਾਲ ਜਦ ਦਾਸਰੇ ਦਾ ਮੱਥਾ ਪਰਸਦਾ ਸੀ ਤਾਂ ਇਕ ਅਕਹਿ ਤੇ ਅਨੋਖੀ ਝਰਨਾਟ ਛਿੜ ਜਾਂਦੀ ਸੀ। ਜਦੋਂ ਉਹ ਆਪਣੇ ਚਲੂਲੇ ਰੰਗਾਂ ਵਿੱਚ ਆਕੇ ਆਪਣਾ ਸੀਸ ਪਿੱਛੇ ਨੂੰ ਮੋੜਦੇ ਤਾਂ ਦਾਸਰੇ ਨੂੰ ਇਕ ਅਕਹਿ ਰਸ ਭਰੀ ਚੁੰਬਕ ਮਈ ਖਿੱਚ ਪੈਂਦੀ ਸੀ। ਭਾਈ ਸਾਹਿਬ ਜੀ ਖ਼ੁਦ ਬਾਜਾ ਸੰਭਾਲੀ "ਪੂਤਾ ਮਾਤਾ ਕੀ ਆਸੀਸ" ਵਾਲੇ ਸ਼ਬਦ ਦਾ ਅਲੌਕਿਕ ਕੀਰਤਨ ਕਰ ਰਹੇ ਸਨ। ਇਕ ਨਿਰਾਲੀ ਧੁਨੀ ਵਿੱਚ ਕੀਰਤਨ ਹੋ ਰਿਹਾ ਸੀ ਜੇ ਦਾਸਰੇ ਨੂੰ ਆਯੂ ਭਰ ਭੁਲ ਨਹੀਂ ਸਕਦਾ ।
ਨਾਮ ਅਭਿਆਸ
ਉਨ੍ਹਾਂ ਦੀਆਂ ਅੱਖਾਂ ਭਾਵੇਂ ਮੀਟੀਆਂ ਹੋਈਆਂ ਸਨ, ਪਰ ਠੀਕ ਅਕਾਸ ਵੱਲ ਸਨ। ਬੋਲ ਐਸਾ ਜਿਵੇਂ ਕੋਈ ਬੱਚਾ ਚੀਕ ਮਾਰਦਾ ਹੈ। ਕੁੱਝ ਸਮੇਂ ਬਾਅਦ ਅੰਮ੍ਰਿਤ ਵੇਲੇ ਦੇ ਕੁ ਵਜੇ ਤੋਂ ਬਾਅਦ ਇਸੇ ਹਾਲ ਵਿੱਚ ਅਖੰਡਾਕਾਰ ਅਭਿਆਸ ਡੇਢ ਦੋ ਘੰਟੇ ਜਾਰੀ ਰਿਹਾ। ਪਤਾ ਨਹੀਂ ਕਿਸ ਨੇ ਲਾਈਟ ਆਫ ਕਰ ਦਿੱਤੀ ਅਤੇ ਡਿਮ ਲਾਈਟ ਜਗਾ ਦਿੱਤੀ । ਖੂਬ ਵਾਹਿਗੁਰੂ ਵਾਹਿਗੁਰੂ ਦੇ ਜਾਪ ਜਪੇ, ਜਪਾਏ ਗਏ ।
ਦਾਸਰੇ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਕੋਈ ਭੀ ਸਰੀਰ ਉਥੇ ਨਹੀਂ ਹੈ ਅਤੇ ਨਾ ਹੀ ਮੇਰਾ ਆਪਣਾ ਸਰੀਰ ਉਥੇ ਹੈ। ਕੇਵਲ ਵਾਹਿਗੁਰੂ ਗੁਰਮੰਤਰ ਦੀ ਧੁਨੀ ਸਪਸ਼ਟ ਸੁਣੀ ਜਾ ਰਹੀ ਸੀ। ਐਸੀ ਅਵਸਥਾ ਹੋ ਗਈ ਕਿ ਦਾਸਰੇ ਨੂੰ ਨਾ ਆਪਣੇ ਸਰੀਰ ਦੀ ਕੋਈ ਸੁਧ ਬੁਧ ਰਹੀ ਨਾ ਕਿਸੇ ਹੋਰ ਸਰੀਰ ਦੀ। ਸੁਣਨ ਸੁਰਤੀ ਰਾਹੀ ਕੇਵਲ ਵਾਹਿਗੁਰੂ ਸ਼ਬਦ ਦੀ ਧੁਨੀ, ਅਤਿ ਮਨਮੋਹਣੀ ਧੁਨੀ ਲਗਾਤਾਰ ਸਰਵਨ ਹੋ ਰਹੀ ਸੀ ਅਤੇ ਐਸੀ ਮਿਠੀ ਚਾਲ ਨਾਲ ਜਿਵੇਂ ਘੜੀ ਚਲ ਰਹੀ ਹੋਵੇ- ਇਕ ਸਾਰ- ਕੋਈ ਉਚੀ ਨੀਚੀ ਸੁਰ ਸੁਣਾਈ ਨਹੀਂ ਦਿੰਦੀ ਸੀ, ਕੋਈ ਅਗੰਮੀ ਸੁਰ ਸੀ। ਕਦੀ ਕਦੀ ਅੱਖਾਂ ਮੀਟੀਆਂ ਮਿਟਾਈਆਂ ਵਿੱਚ ਐਸੇ ਐਸੇ ਝਲਕਾਰੇ ਹਲਕੇ ਚਿੱਟੇ ਪੀਲੇ ਚਮਕਾਰੇ ਬੈਜ਼ਵੀ ਅਕਾਰ ਵਾਲੇ ਮਹਿਸੂਸ ਹੁੰਦੇ। ਕਦੀ ੴ ਦੇ ਦਰਸਨ ਹੁੰਦੇ, ਜਿਵੇਂ ਬਿਜਲੀ ਵਾਲਿਆਂ ਨੇ ਲਾਈਟਾਂ ਨਾਲ ਸਜਾਇਆ ਹੋਵੇ। ਕਦੀ ਵਾਹਿਗੁਰੂ ਲਿਖਿਆ ਹੋਇਆ ਮਹਿਸੂਸ ਹੁੰਦਾ। ਫੇਰ ਜਦੋਂ ਡੇਢ-ਦੋ ਘੰਟੇ ਬਾਅਦ ਕੀਰਤਨ ਸ਼ੁਰੂ ਹੋਇਆ ਕੁੱਝ ਮਿੰਟਾਂ ਬਾਅਦ ਵਾਹਿਗੁਰੂ ਸ਼ਬਦ ਦੀ ਧੁਨੀ ਮਧਮ ਪੈ ਗਈ ਪਰ ਕੀਰਤਨ ਸੁਣਦਾ ਰਿਹਾ। ਜਦ ਇਸ ਅਵਸਥਾ ਤੋਂ ਮੋੜਾ ਪਿਆ ਤਾਂ ਪਤਾ ਲੱਗਾ ਕਿ ਇਹ ਤਾਂ ਉਹੋ ਹਾਲ ਹੈ, ਸੰਗਤ ਜੁੜੀ ਹੋਈ ਹੈ। ਸਰੋਤੇ ਚੰਦ ਚਕੇਰੀ ਪ੍ਰੀਤ ਗੀਧੇ ਰਸ ਮਾਣ ਰਹੇ ਹਨ।
ਭਾਈ ਸਾਹਿਬ ਜੀ ਅਤੇ ਬਾਊ ਮਲ ਸਿੰਘ ਜੀ ਦਾਸਰੇ ਦੇ ਅੱਗੇ ਸਜੇ ਹੋਏ ਸਨ। ਕੁੱਝ ਕੀਰਤਨੀ ਬੀਬੀਆਂ ਕੀਰਤਨ ਕਰ ਰਹੀਆਂ ਸਨ। ਸੰਗਤਾਂ ਕੁੱਝ ਅੱਗੇ ਤੇ ਕੁੱਝ ਦਾਸਰੇ ਦੇ ਪਿਛੇ
ਅਨੰਦ ਬਿਨੇਦੀ ਰੰਗਾਂ ਵਿੱਚ ਜੁੜੀਆਂ ਹੋਈਆਂ ਸਨ। ਭਾਈ ਸਾਹਿਬ ਜੀ ਦੀ ਚੱਕਰ ਵਾਲੀ ਮੈਸਮਰੇਜ਼ੀ ਤੇ ਮਿਕਨਾਤੀਸੀ ਸ਼ਕਤੀ ਆਪਣੀ ਕਲਾ ਵਰਤਾ ਰਹੀ ਸੀ । 'ਵਾਹੁ ਵਾਹੁ ਗੁਰਸਿੱਖ ਧੰਨ ਹੈ"। ਸੱਚ ਤਾਂ ਇਹ ਹੈ ਕਿ ਉਸ ਵੇਲੇ ਦਾਸਰੇ ਨੂੰ ਸੋਝੀ ਨਹੀਂ ਸੀ ਕਿ ਇਹ ਕੀ ਕੱਤਕ ਹੈ, ਤੇ ਕੀ ਰਸ ਹੈ। ਨਹੀਂ ਤਾਂ ਉਸ ਵੇਲੇ ਉਸ ਸੰਤ ਸਰੂਪ ਸ਼ਖ਼ਸੀਅਤ ਦੇ ਚਰਨ ਫੜਦਾ ਅਤੇ ਛਡਦਾ ਹੀ ਨਾ। ਪਰ ਜਦੋਂ ਕੁੱਝ ਮਮੂਲੀ ਸੋਝੀ ਆਈ ਤਾਂ ਸੱਚੇ ਪਾਤਸ਼ਾਹ ਨੇ ਅਪਾਰ ਕ੍ਰਿਪਾ ਕਰਕੇ ਉਸ ਮਹਾਨ ਗੁਰਸਿੱਖ ਦੇ ਨਾਲ ਗੂੜੀਆਂ ਸਾਂਝਾਂ ਪਵਾ ਦਿੱਤੀਆਂ ਅਤੇ ਉਸ ਮਹਾਨ ਸ਼ਖਸ਼ੀਅਤ ਨੇ ਇਸ ਕੀਟਾਂ ਅੰਦਰ ਕੀਟ ਨੂੰ ਆਪਣੇ ਹਸਤ ਕਮਲਾਂ ਨਾਲ ਮਿੱਠੀਆਂ ਮਿੱਠੀਆਂ ਲੋਰੀਆਂ ਦੇ ਕੇ. ਤਿੰਨ ਪ੍ਰੇਮ ਪਾਤੀਆਂ ਭੀ ਲਿਖੀਆਂ। (ਵੇਰਵੇ ਲਈ ਦੇਖੋ ਅੰਤਕਾ ੮.੯.੧੦)
ਸਵੇਰ ਸਾਰ ਭੋਗ ਪਿਆ, ਜੋ ਭਾਈ ਸਾਹਿਬ ਜੀ ਨੇ ਕੁੱਝ ਸ਼ਬਦ ਗਾਇਨ ਕਰਕੇ ਪਾਇਆ।
ਇਸ ਤੋਂ ਬਾਅਦ ਅਸੀਂ ਘਰ ਗਏ ਅਤੇ ਲੰਗਰ ਪਾਣੀ ਛਕ ਕੇ ਫੇਰ ਗੁਰਦਵਾਰਾ ਸਾਹਿਬ ਪੁੱਜ ਗਏ। (ਉਸ ਸਮੇਂ ਗੁਰੂ ਕਾ ਲੰਗਰ ਕੇਵਲ ਬਾਹਰੋਂ ਆਈ ਸੰਗਤ ਲਈ ਬਣਦਾ ਸੀ) । ਕੁੱਝ ਸੰਗਤਾਂ ਵਿਦਾ ਹੋ ਚੁਕੀਆਂ ਸਨ. ਕੁੱਝ ਤਿਆਰੇ ਕਰ ਰਹੀਆਂ ਸਨ। ਬਾਪੂ ਜੀ ਅਤੇ ਕੁੱਝ ਸਿੰਘ ਸਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਦਾਸਰਾ ਤਾਂ ਉਨ੍ਹਾਂ ਦੇ ਜਾਦੂ ਭਰੇ ਨੇਤ੍ਰਾਂ ਵੱਲ ਹੀ ਤੱਕਦਾ ਰਿਹਾ ਅਤੇ ਰੱਸ ਲੈਂਦਾ ਰਿਹਾ ਤੇ ਉਹ ਵੀ ਦਾਸਰੇ ਵਲ ਝਾਤੀ ਪਾਉਂਦੇ ਰਹੇ। ਸਿੰਘ ਨਾਮ-ਅਭਿਆਸੀ ਰੰਗਾਂ ਵਿੱਚ ਇੱਕ ਦੂਜੇ ਦੇ ਗਲੇ ਲੱਗ ਲੱਗ ਕੇ ਵਿਛੜ ਰਹੇ ਸਨ। ਅਖੀਰ ਬਾਪੂ ਜੀ ਵੀ ਵਿਦਾ ਹੋ ਗਏ। ਉਥੇ ਰਹਿ ਗਏ ਸਾਰੇ ਸਿੰਘਾਂ ਦੇ ਨੇਤ੍ਰ ਸਜਲ ਹੋਏ ਪ੍ਰਤੀਤ ਹੋ ਰਹੇ ਸਨ। ਐਸਾ ਭਾਸਦਾ ਸੀ ਕਿ ਸਭ ਦਾਸਰੇ ਵਾਂਗ ਇਹੀ ਲੋਚਦੇ ਸਨ. ਕਾਸ! ਇਹ ਕੀਰਤਨ ਅਖਾੜੇ ਲੰਮੇ ਸਮੇਂ ਲਈ ਜੰਮੇ ਹੀ ਰਹਿੰਦੇ ਤੇ ਨਾਮ-ਬਾਣੀ ਦੀ ਝੜੀ ਲੱਗੀ ਹੀ ਰਹਿੰਦੀ। ਪਰ ਸਭ ਉਸ ਵਾਹਿਗੁਰੂ ਦੇ ਹੁਕਮ ਅੰਦਰ ਹੀ ਹੁੰਦਾ ਹੈ।
"ਸੰਜੋਗੁ ਵਿਜੋਗੁ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ"